ਅਕਾਲੀ ਦਲ ਨੇ 2027 ਚੋਣਾਂ ਲਈ ਬਣਾਈ ਮੈਨੀਫੈਸਟੋ ਕਮੇਟੀ, 18 ਸਤੰਬਰ ਨੂੰ ਪਹਿਲੀ ਮੀਟਿੰਗ

Sep 14, 2026 - 09:32
 0  0
ਅਕਾਲੀ ਦਲ ਨੇ 2027 ਚੋਣਾਂ ਲਈ ਬਣਾਈ ਮੈਨੀਫੈਸਟੋ ਕਮੇਟੀ, 18 ਸਤੰਬਰ ਨੂੰ ਪਹਿਲੀ ਮੀਟਿੰਗ

ਸ਼੍ਰੋਮਣੀ ਅਕਾਲੀ ਦਲ ਨੇ ਅੱਜ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਮੈਨੀਫੈਸਟੋ ਤਿਆਰ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਮੇਟੀ ਵਿੱਚ ਮੈਂਬਰਾਂ ਦੀ ਗਿਣਤੀ 9 ਤੋਂ ਵਧਾ ਕੇ 20 ਕਰ ਦਿੱਤੀ। ਸੀਨੀਅਰ ਪਾਰਟੀ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਇਸ ਵਿਸਤ੍ਰਿਤ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। 

ਡਾ. ਦਲਜੀਤ ਸਿੰਘ ਚੀਮਾ ਨੂੰ ਕਮੇਟੀ ਦਾ ਮੈਂਬਰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਟੀਮ ਵਿੱਚ ਸੀਨੀਅਰ ਪਾਰਟੀ ਆਗੂ ਸ਼ਾਮਲ ਹਨ। ਪਾਰਟੀ ਦਾ ਮੁੱਖ ਉਦੇਸ਼ ਆਉਣ ਵਾਲੀਆਂ ਚੋਣਾਂ ਦੀਆਂ ਤਰਜੀਹਾਂ ਅਤੇ ਨੀਤੀਆਂ ਬਣਾਉਂਦੇ ਸਮੇਂ ਤਜਰਬੇ, ਨਵੇਂ ਵਿਚਾਰਾਂ ਅਤੇ ਨੌਜਵਾਨਾਂ ਦੀਆਂ ਇੱਛਾਵਾਂ ਦਾ ਸੰਤੁਲਿਤ ਮਿਸ਼ਰਣ ਬਣਾਉਣਾ ਹੈ।

ਮੈਨੀਫੈਸਟੋ ਕਮੇਟੀ ਦੀ ਪਹਿਲੀ ਮੀਟਿੰਗ 18 ਸਤੰਬਰ ਨੂੰ ਦੁਪਹਿਰ 12 ਵਜੇ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ‘ਚ ਹੋਵੇਗੀ ਬੈਠਕ, ਜਿਸ ਵਿਚ ਕਮੇਟੀ ਦੇ ਕੰਮ-ਕਾਜ ਦੀ ਰੂਪ-ਰੇਖਾ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਏਗਾ। ਡਾ. ਦਲਜੀਤ ਚੀਮਾ ਨੇ ਟਵੀਟ ਕਰ ਕੇ ਇਹ ਜਾਣਕਾਰੀ ਸਾਂਝੀ ਕੀਤੀ।

ਅਕਾਲੀ ਦਲ ਵੱਲੋਂ ਜਾਰੀ ਪੱਤਰ ਮੁਤਾਬਕ ਮੈਨੀਫੈਸਟੋ ਕਮੇਟੀ ਦਾ ਵਿਸਥਾਰ ਕਰਨ ਦਾ ਮੁੱਖ ਉਦੇਸ਼ ਸਮਾਜ ਦੇ ਹਰ ਵਰਗ ਤੱਕ ਪਹੁੰਚਣਾ ਅਤੇ ਸੂਬੇ ਦੇ ਵਿਕਾਸ ਲਈ ਇੱਕ ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਬਲੂਪ੍ਰਿੰਟ ਤਿਆਰ ਕਰਨਾ ਹੈ। ਪਾਰਟੀ ਲੀਡਰਸ਼ਿਪ ਦਾ ਮੰਨਣਾ ਹੈ ਕਿ ਚੋਣ ਮੈਨੀਫੈਸਟੋ ਵਿੱਚ ਨਾ ਸਿਰਫ਼ ਪ੍ਰਸ਼ਾਸਨਿਕ ਤਜਰਬਾ, ਸਗੋਂ ਨੌਜਵਾਨਾਂ ਦੀ ਨਵੀਂ ਸੋਚ ਅਤੇ ਔਰਤਾਂ ਦੀ ਪ੍ਰਤੀਨਿਧਤਾ ਨੂੰ ਵੀ ਦਰਸਾਇਆ ਜਾਣਾ ਚਾਹੀਦਾ ਹੈ।

ਇਸ ਕਮੇਟੀ ਰਾਹੀਂ ਸ਼੍ਰੋਮਣੀ ਅਕਾਲੀ ਦਲ ਨੇ ਨੌਜਵਾਨ ਲੀਡਰਸ਼ਿਪ ਨੂੰ ਅੱਗੇ ਲਿਆਉਣ ਦੇ ਆਪਣੇ ਇਰਾਦੇ ਨੂੰ ਸਪੱਸ਼ਟ ਤੌਰ ‘ਤੇ ਸੰਕੇਤ ਦਿੱਤਾ ਹੈ। ਸਰਬਜੀਤ ਸਿੰਘ ਝਿੰਝਰ, ਅਰਸ਼ਦੀਪ ਸਿੰਘ ਕਲੇਰ ਅਤੇ ਰਣਬੀਰ ਸਿੰਘ ਢਿੱਲੋਂ ਵਰਗੇ ਨੌਜਵਾਨ ਚਿਹਰਿਆਂ ਨੂੰ ਸ਼ਾਮਲ ਕਰਕੇ, ਪਾਰਟੀ ਦਾ ਉਦੇਸ਼ ਨੌਜਵਾਨਾਂ ਦੇ ਰੁਜ਼ਗਾਰ, ਸਿੱਖਿਆ ਅਤੇ ਖੇਡਾਂ ਵਰਗੇ ਮੁੱਦਿਆਂ ‘ਤੇ ਸਿੱਧਾ ਧਿਆਨ ਕੇਂਦਰਿਤ ਕਰਨਾ ਹੈ। ਇਸ ਤੋਂ ਇਲਾਵਾ, ਹਰਗੋਬਿੰਦ ਕੌਰ, ਜ਼ਾਹਿਦਾ ਸੁਲੇਮਾਨ ਅਤੇ ਕੰਚਨਪ੍ਰੀਤ ਕੌਰ ਦੀ ਮੌਜੂਦਗੀ ਇਹ ਯਕੀਨੀ ਬਣਾਏਗੀ ਕਿ ਔਰਤਾਂ ਦੇ ਮੁੱਦੇ ਅਤੇ ਸੁਰੱਖਿਆ ਨੀਤੀਆਂ ਮੈਨੀਫੈਸਟੋ ਦਾ ਮੁੱਖ ਹਿੱਸਾ ਹਨ।

ਪਾਰਟੀ ਸੂਤਰਾਂ ਮੁਤਾਬਕ ਇਹ 20 ਮੈਂਬਰੀ ਕਮੇਟੀ ਜਲਦੀ ਹੀ ਸੂਬੇ ਭਰ ਦੇ ਵੱਖ-ਵੱਖ ਜ਼ਿਲ੍ਹਿਆਂ, ਵਪਾਰਕ ਸੰਗਠਨਾਂ, ਕਿਸਾਨ ਯੂਨੀਅਨਾਂ ਅਤੇ ਵਿਦਿਆਰਥੀ ਸੰਗਠਨਾਂ ਨਾਲ ਮਿਲ ਕੇ ਸੁਝਾਅ ਇਕੱਠੇ ਕਰੇਗੀ। ਇਸ ਫੀਡਬੈਕ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਹੀ ਅਕਾਲੀ ਦਲ ਆਪਣਾ ਅੰਤਿਮ ਚੋਣ ਮੈਨੀਫੈਸਟੋ ਜਨਤਾ ਸਾਹਮਣੇ ਪੇਸ਼ ਕਰੇਗਾ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0