ਪੰਜਾਬ ‘ਚ BJP 18 ਸਤੰਬਰ ਤੋਂ ਸ਼ੁਰੂ ਕਰੇਗੀ ਸੂਬਾ-ਪੱਧਰੀ ਯਾਤਰਾ, PM ਮੋਦੀ ਤੇ ਅਮਿਤ ਸ਼ਾਹ ਵੀ ਹੋਣਗੇ ਸ਼ਾਮਲ
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਸੂਬੇ ਵਿਚ ਆਪਣੀ ਸਿਆਸੀ ਜ਼ਮੀਨ ਮਜ਼ਬੂਤ ਕਰਨ ਲਈ ਰੂਪਰੇਖਾ ਤਿਆਰ ਕੀਤੀ ਹੈ। ਭਾਜਪਾ 18 ਤੋਂ 30 ਸਤੰਬਰ ਤੱਕ 12 ਦਿਨੀਂ ਸੂਬਾ ਪੱਧਰੀ ਮਹਾਯਾਤਰਾ ਕੱਢਣ ਜਾ ਰਹੀ ਹੈ। ਇਸ ਯਾਤਰਾ ਦੀ ਸ਼ੁਰੂਆਤ 18 ਸਤੰਬਰ ਨੂੰ ਪਠਾਨਕੋਟ ਤੋਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਕਰਨਗੇ। ਮਹਾ ਮੁਹਿੰਮ ਦੀ ਸਮਾਪਤੀ 29 ਜਾਂ 30 ਸਤੰਬਰ ਨੂੰ ਜਲੰਧਰ ਵਿਚ ਹੋਵੇਗੀ ਜਿਥੇ ਕੇਂਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਨਗੇ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਯਾਤਰਾ ਵਿਚ ਸ਼ਾਮਲ ਹੋ ਸਕਦੇ ਹਨ।
ਜੰਮੂ-ਕਸ਼ਮੀਰ ਸਰਹੱਦ ‘ਤੇ ਸਥਿਤ ਮਾਧੋਪੁਰ ਵਿਚ ਡਾ.ਸ਼ਿਆਮਾ ਪ੍ਰਸਾਦ ਮੁਖਰਜੀ ਯਾਦਗਾਰ ਤੋਂ ਯਾਤਰਾ ਸ਼ੁਰੂ ਹੋਵੇਗੀ। ਸਿੱਖ ਪੰਥ ਦੇ ਮੁੱਖ ਕੇਂਦਰ ਤੇ ਪੰਜ ਤਖਤਾਂ ਵਿਚੋਂ ਇਕ ਸ੍ਰੀ ਕੇਸਗੜ੍ਹ ਸਾਹਿਬ ਤੋਂ ਯਾਤਰਾ ਦਾ ਦੂਜਾ ਜਥਾ ਰਵਾਨਾ ਹੋਵੇਗਾ। ਮਾਲਵਾ ਖੇਤਰ ਦੇ ਤਲਵੰਡੀ ਸਾਬੋ ਦੇ ਪਾਵਨ ਤਖਤ ਤੋਂ ਯਾਤਰਾ ਦੀ ਤੀਜੀ ਧਾਰਾ ਸ਼ੁਰੂ ਕੀਤੀ ਜਾਵੇਗੀ। 1971 ਦੇ ਭਾਰਤ-ਪਾਕਿਸਤਾਨ ਯੁੱਧ ਵਿਚ ਭਾਰਤੀ ਜਵਾਨਾਂ ਦੀ ਸ਼ਹਾਦਤ ਨੂੰ ਨਮਨ ਕਰਦੇ ਹੋਏ ਆਸਫਵਾਲਾ ਯੁੱਧ ਸਮਾਰਕ ਤੋਂ ਚੌਥੀ ਯਾਤਰਾ ਦਾ ਆਗਾਜ਼ ਹੋਵੇਗਾ।
ਸੂਤਰਾਂ ਮੁਤਾਬਕ ਪਾਰਟੀ ਦੀ ਕੌਮੀ ਲੀਡਰਸ਼ਿਪ ਨੇ ਤੈਅ ਕੀਤਾ ਹੈ ਕਿ ਇਹ 12 ਦਿਨਾ ਯਾਤਰਾ ਪੰਜਾਬ ਦੇ ਸਾਰੇ 117 ਵਿਧਾਨ ਸਭਾ ਖੇਤਰਾਂ ਵਿਚ ਕੋਨੇ-ਕੋਨੇ ਤੱਕ ਪਹੁੰਚੇਗੀ। ਯਾਤਰਾ ਦੌਰਾਨ ਨੌਜਵਾਨਾਂ ਨੂੰ ਜੋੜਨ ਲਈ ਜਗ੍ਹਾ-ਜਗ੍ਹਾ ਵੱਡੀਆਂ ਬਾਈਕ ਰੈਲੀਆਂ ਦਾ ਆਯੋਜਨ ਕੀਤਾ ਜਾਵੇਗਾ। ਇਸ ਮੁਹਿੰਮ ਦੀ ਕਮਾਨ ਸੰਭਾਲਣ ਤੇ ਜ਼ਮੀਨੀ ਪੱਧਰ ‘ਤੇ ਲੋਕਾਂ ਨਾਲ ਸਿੱਧੇ ਗੱਲਬਾਤ ਲਈ ਕੇਂਦਰ ਸਰਕਾਰ ਨੇ ਇਕ ਦਰਜਨ ਤੋਂ ਵਧ ਕੇਂਦਰੀ ਮੰਤਰੀਆਂ, ਰਾਸ਼ਟਰੀ ਅਧਿਕਾਰੀਆਂ ਤੇ ਭਾਜਪਾ ਦੇ ਸੀਨੀਅਰ ਨੇਤਾਵਾਂ ਨੂੰ ਵੱਖ-ਵੱਖ ਹਲਕਿਆਂ ਦੀ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ।
What's Your Reaction?
Like
0
Dislike
0
Love
0
Funny
0
Angry
0
Sad
0
Wow
0