ਇੰਫਲੂਐਂਸਰ Mad Sandhu ਦੀ ਮੌਤ ਮਗਰੋਂ ਪਿਤਾ ਦਾ ਛਲਕਿਆ ਦਰਦ, ਕਿਹਾ-‘ਮੇਰੇ ਪੁੱਤ ਦਾ ਕੀ ਕਸੂਰ ਸੀ?’

Oct 7, 2026 - 08:09
 0  1
ਇੰਫਲੂਐਂਸਰ Mad Sandhu ਦੀ ਮੌਤ ਮਗਰੋਂ ਪਿਤਾ ਦਾ ਛਲਕਿਆ ਦਰਦ, ਕਿਹਾ-‘ਮੇਰੇ ਪੁੱਤ ਦਾ ਕੀ ਕਸੂਰ ਸੀ?’

ਸੋਸ਼ਲ ਮੀਡੀਆ ਇੰਫਲੂਐਂਸਰ ਮਧੁਸੂਦਨ ਸਿੰਘ, ਜਿਨ੍ਹਾਂ ਨੂੰ ਇੰਟਰਨੈੱਟ ਦੀ ਦੁਨੀਆ ਵਿੱਚ ‘ਮੈਡ ਸੰਧੂ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪੰਜਾਬ ਪੁਲਿਸ ਤੋਂ ਰਿਟਾਇਰਡ ਸਬ-ਇੰਸਪੈਕਟਰ ਅਤੇ ਮਧੁਸੂਦਨ ਦੇ ਪਿਤਾ ਭੁਪਿੰਦਰ ਸਿੰਘ ਨੇ ਮੀਡੀਆ ਸਾਹਮਣੇ ਰੋਂਦੇ ਹੋਏ ਆਪਣਾ ਦਰਦ ਸਾਂਝਾ ਕੀਤਾ। ਉਨ੍ਹਾਂ ਭਾਵੁਕ ਹੁੰਦਿਆਂ ਸਵਾਲ ਕੀਤਾ ਕਿ ਆਖ਼ਿਰ ਉਨ੍ਹਾਂ ਦੇ ਪੁੱਤਰ ਦਾ ਕੀ ਕਸੂਰ ਸੀ, ਜੋ ਹਮੇਸ਼ਾ ਲੋਕਾਂ ਦੀ ਭਲਾਈ ਅਤੇ ਮਦਦ ਲਈ ਅੱਗੇ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਮਧੁਸੂਦਨ ਹੀ ਪੂਰੇ ਪਰਿਵਾਰ ਅਤੇ ਕਈ ਹੋਰ ਲੋਕਾਂ ਦੇ ਭਰਨ-ਪੋਸ਼ਣ ਦਾ ਮੁੱਖ ਸਹਾਰਾ ਸੀ ਪਰ ਉਸ ਦੀ ਮੌਤ ਤੋਂ ਬਾਅਦ ਹੁਣ ਆਪਣੇ ਘਰ ਵਿੱਚ ਵੀ ਰੋਟੀ ਦੇ ਲਾਲੇ ਪੈ ਗਏ ਹਨ।

ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦਾ ਅਸਲ ਨਾਂ ਮਧੁਸੂਦਨ ਸਿੰਘ ਸੀ। ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਆਪਣੀ ਵੱਖਰੀ ਪਛਾਣ ਅਤੇ ਸਟਾਈਲ ਕਾਰਨ ਉਹ ਨੌਜਵਾਨਾਂ ਵਿੱਚ ਬੇਹੱਦ ਲੋਕਪ੍ਰਿਯ ਹੋ ਗਿਆ ਸੀ ਅਤੇ ‘ਮੈਡ ਸੰਧੂ’ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਉਹ ਹਮੇਸ਼ਾ ਲੀਕ ਤੋਂ ਹਟ ਕੇ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਦਾ ਸੀ ਅਤੇ ਆਪਣੀ ਮਿਹਨਤ ਦੇ ਦਮ ’ਤੇ ਅੱਗੇ ਵੱਧ ਰਿਹਾ ਸੀ। ਵੱਖ-ਵੱਖ ਪ੍ਰੋਗਰਾਮਾਂ ਅਤੇ ਸਮਾਜਿਕ ਸਮਾਗਮਾਂ ਵਿੱਚ ਉਸ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਜਾਣ ਲੱਗਾ ਸੀ। ਪਿਤਾ ਨੇ ਦੋਸ਼ ਲਾਇਆ ਕਿ ਉਸ ਦੀ ਦਿਨੋਂ-ਦਿਨ ਵਧ ਰਹੀ ਲੋਕਪ੍ਰਿਯਤਾ, ਫਾਲੋਅਰਜ਼ ਅਤੇ ਸ਼ੋਹਰਤ ਤੋਂ ਕੁਝ ਲੋਕ ਈਰਖਾ ਕਰਨ ਲੱਗ ਪਏ ਸਨ। ਉਨ੍ਹਾਂ ਦਾ ਦੋਸ਼ ਹੈ ਕਿ ਇਸੇ ਰੰਜਿਸ਼ ਅਤੇ ਈਰਖਾ ਕਾਰਨ ਸਾਜ਼ਿਸ਼ ਰਚ ਕੇ ਉਨ੍ਹਾਂ ਦੇ ਪੁੱਤਰ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ।

ਪਿਤਾ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਦੱਸਿਆ ਕਿ ਮਧੁਸੂਦਨ ਸਿਰਫ਼ ਆਪਣੇ ਪਰਿਵਾਰ ਨੂੰ ਹੀ ਨਹੀਂ ਸੰਭਾਲਦਾ ਸੀ, ਸਗੋਂ ਸਮਾਜ ਸੇਵਾ ਵਿੱਚ ਵੀ ਹਮੇਸ਼ਾ ਅੱਗੇ ਰਹਿੰਦਾ ਸੀ। ਉਹ ਲੋੜਵੰਦ ਅਤੇ ਗਰੀਬ ਬੱਚਿਆਂ ਦੀ ਪੜ੍ਹਾਈ-ਲਿਖਾਈ ਅਤੇ ਰਾਸ਼ਨ ਦਾ ਖਰਚਾ ਚੁੱਕਦਾ ਸੀ। ਉਸ ਨੇ ਕਈ ਮੈਡੀਕਲ ਅਤੇ ਖੂਨਦਾਨ ਕੈਂਪ ਲਗਵਾਏ ਅਤੇ ਹੜ੍ਹ ਪੀੜਤਾਂ ਦੀ ਵੀ ਵੱਧ-ਚੜ੍ਹ ਕੇ ਮਦਦ ਕੀਤੀ ਸੀ। ਉਹ ਗੁਰਦੁਆਰਿਆਂ ਵਿੱਚ ਸੇਵਾ ਕਰਦਾ ਅਤੇ ਪਾਠ ਵੀ ਕਰਦਾ ਸੀ। ਇਸ ਤੋਂ ਇਲਾਵਾ, ਉਸ ਨੇ ਇੱਕ ਸੈਲੂਨ ਵੀ ਖੋਲ੍ਹਿਆ ਹੋਇਆ ਸੀ, ਜਿਸ ਵਿੱਚ ਕਈ ਲੋਕ ਕੰਮ ਕਰਦੇ ਸਨ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਚੱਲਦੀ ਸੀ। ਮਧੁਸੂਦਨ ਦੀ ਮੌਤ ਤੋਂ ਬਾਅਦ ਉਹ ਸੈਲੂਨ ਵੀ ਬੰਦ ਹੋ ਗਿਆ ਹੈ, ਜਿਸ ਕਾਰਨ ਉੱਥੇ ਕੰਮ ਕਰਨ ਵਾਲੇ ਕਾਰੀਗਰ ਬੇਰੁਜ਼ਗਾਰ ਹੋ ਗਏ ਹਨ। ਜਿਨ੍ਹਾਂ ਲੋੜਵੰਦ ਪਰਿਵਾਰਾਂ ਨੂੰ ਉਹ ਰਾਸ਼ਨ ਅਤੇ ਆਰਥਿਕ ਮਦਦ ਦਿੰਦਾ ਸੀ, ਉਨ੍ਹਾਂ ਦੀ ਮਦਦ ਵੀ ਰੁਕ ਗਈ ਹੈ।

ਭੁਪਿੰਦਰ ਸਿੰਘ ਨੇ ਪ੍ਰਸ਼ਾਸਨ ਅਤੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਡੂੰਘਾ ਰੋਸ ਜ਼ਾਹਰ ਕੀਤਾ। ਉਨ੍ਹਾਂ ਖੁਲਾਸਾ ਕੀਤਾ ਕਿ ਮਧੁਸੂਦਨ ਨੂੰ ਪਹਿਲਾਂ ਵੀ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਇਸ ਸਬੰਧੀ ਗ੍ਰਹਿ ਵਿਭਾਗ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਰਿਪੋਰਟਾਂ ਵੀ ਤਿਆਰ ਕੀਤੀਆਂ ਗਈਆਂ ਸਨ ਅਤੇ ਸੀ.ਆਈ.ਡੀ., ਇੰਟੈਲੀਜੈਂਸ ਅਤੇ ਪੰਜਾਬ ਪੁਲਿਸ ਨੂੰ ਵਾਰ-ਵਾਰ ਸੂਚਿਤ ਕਰਕੇ ਸੁਰੱਖਿਆ ਕਰਮਚਾਰੀ (ਗਨਮੈਨ) ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ ਸੀ।

ਪਰ ਇਸ ਦੇ ਬਾਵਜੂਦ ਉਸ ਨੂੰ ਸਥਾਈ ਸੁਰੱਖਿਆ ਨਹੀਂ ਦਿੱਤੀ ਗਈ। ਪਿਤਾ ਨੇ ਦੋਸ਼ ਲਾਇਆ ਕਿ ਜੇਕਰ ਪੁਲਿਸ ਅਤੇ ਸਰਕਾਰ ਨੇ ਸਮੇਂ ਸਿਰ ਇਨ੍ਹਾਂ ਧਮਕੀਆਂ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਅਤੇ ਸੁਰੱਖਿਆ ਮੁਹੱਈਆ ਕਰਵਾਈ ਹੁੰਦੀ ਤਾਂ ਅੱਜ ਉਨ੍ਹਾਂ ਦਾ ਪੁੱਤਰ ਜ਼ਿੰਦਾ ਹੁੰਦਾ। ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਇਹ ਵੀ ਕਿਹਾ ਕਿ ਕਤਲ ਨੂੰ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਾਂ ਮੰਤਰੀ ਉਨ੍ਹਾਂ ਦੇ ਪਰਿਵਾਰ ਦਾ ਹਾਲ ਜਾਣਨ ਜਾਂ ਦੁੱਖ ਸਾਂਝਾ ਕਰਨ ਲਈ ਨਹੀਂ ਪਹੁੰਚਿਆ।

ਪਰਿਵਾਰ ਵਿੱਚ ਹੁਣ ਸਿਰਫ਼ ਬਜ਼ੁਰਗ ਮਾਤਾ-ਪਿਤਾ ਅਤੇ ਛੋਟਾ ਪੁੱਤਰ ਅਰਸ਼ਦੀਪ ਸਿੰਘ ਹੀ ਰਹਿ ਗਏ ਹਨ। ਘਰ ਦੇ ਹਾਲਾਤ ਬੇਹੱਦ ਤੰਗ ਹੋ ਚੁੱਕੇ ਹਨ ਅਤੇ ਆਰਥਿਕ ਸਥਿਤੀ ਪੂਰੀ ਤਰ੍ਹਾਂ ਵਿਗੜ ਗਈ ਹੈ। ਖੁਦ ਪੰਜਾਬ ਪੁਲਿਸ ਵਿੱਚ ਸੇਵਾ ਨਿਭਾ ਚੁੱਕੇ ਪਿਤਾ ਭੁਪਿੰਦਰ ਸਿੰਘ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਮਦਰਦੀ ਦੇ ਆਧਾਰ ’ਤੇ ਉਨ੍ਹਾਂ ਦੇ ਛੋਟੇ ਪੁੱਤਰ ਨੂੰ ਪੰਜਾਬ ਪੁਲਿਸ ਵਿੱਚ ਸਬ-ਇੰਸਪੈਕਟਰ ਜਾਂ ਕਿਸੇ ਯੋਗ ਅਹੁਦੇ ’ਤੇ ਸਰਕਾਰੀ ਨੌਕਰੀ ਦਿੱਤੀ ਜਾਵੇ, ਤਾਂ ਜੋ ਪਰਿਵਾਰ ਦਾ ਗੁਜ਼ਾਰਾ ਹੋ ਸਕੇ। ਇਸ ਦੇ ਨਾਲ ਹੀ ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮਧੁਸੂਦਨ ਦੇ ਕਾਤਲਾਂ ਨੂੰ ਬਿਨਾਂ ਕਿਸੇ ਦੇਰੀ ਦੇ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇ ਅਤੇ ਪੀੜਤ ਪਰਿਵਾਰ ਨੂੰ ਸਖ਼ਤ ਤੋਂ ਸਖ਼ਤ ਕਾਨੂੰਨੀ ਇਨਸਾਫ਼ ਦਿਵਾਇਆ ਜਾਵੇ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0