ਕਪੂਰਥਲਾ ‘ਚ ਕਬਾੜ ਦੇ ਗੋਦਾਮ ‘ਚ ਲੱਗੀ ਅੱਗ, 3 ਦੁਕਾਨਾਂ ਵੀ ਲਪੇਟ ‘ਚ ਆਈਆਂ, ਦੁਕਾਨਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ
ਦੀਵਾਲੀ ਦੀ ਰਾਤ ਸੁਲਤਾਨਪੁਰ ਲੋਧੀ ਦੇ ਪੀਰ ਬਾਬਾ ਸਖ਼ੀ ਸ਼ਾਹ ਸੁਲਤਾਨ ਰੋਡ ’ਤੇ ਸਥਿਤ ਕਬਾੜ ਦੇ ਇੱਕ ਗੋਦਾਮ ਵਿੱਚ ਲੱਗੀ ਭਿਆਨਕ ਅੱਗ ਨੇ ਵੱਡਾ ਨੁਕਸਾਨ ਕਰ ਦਿੱਤਾ ਹੈ। ਅੱਗ ਲੱਗਣ ਦੀ ਘਟਨਾ ਨੂੰ ਕਰੀਬ 22 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਇਸ ’ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ। ਗੋਦਾਮ ਵਿੱਚ ਪਏ ਕਬਾੜ ਦੇ ਵੱਡੀ ਮਾਤਰਾ ਵਿੱਚ ਸਾਮਾਨ ਕਾਰਨ ਅੱਗ ਵਾਰ-ਵਾਰ ਮੁੜ ਸੁਲਗ ਰਹੀ ਹੈ, ਜਿਸ ਕਾਰਨ ਦਮਕਲ ਵਿਭਾਗ ਦੀਆਂ ਟੀਮਾਂ ਅਜੇ ਵੀ ਅੱਗ ਬੁਝਾਉਣ ਲਈ ਲਗਾਤਾਰ ਜੱਦੋ-ਜਹਿਦ ਕਰ ਰਹੀਆਂ ਹਨ। ਇਸ ਅਗਨੀਕਾਂਡ ਦੀ ਲਪੇਟ ਵਿੱਚ ਗੋਦਾਮ ਦੇ ਨਾਲ ਲੱਗਦੀਆਂ ਤਿੰਨ ਦੁਕਾਨਾਂ ਵੀ ਆ ਗਈਆਂ, ਜਿਨ੍ਹਾਂ ਵਿੱਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਗੋਦਾਮ ਅਤੇ ਦੁਕਾਨਾਂ ਹਰਚਰਨ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਮੁਹੱਲਾ ਸ਼ਾਹ ਸੁਲਤਾਨ, ਸੁਲਤਾਨਪੁਰ ਲੋਧੀ ਦੀਆਂ ਹਨ। ਹਰਚਰਨ ਸਿੰਘ ਵੱਲੋਂ ਕਬਾੜ ਇਕੱਠਾ ਕਰਕੇ ਰੱਖਣ ਲਈ ਵੱਖਰਾ ਗੋਦਾਮ ਬਣਾਇਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਰਾਤ ਕਰੀਬ 9:30 ਵਜੇ ਸਭ ਤੋਂ ਪਹਿਲਾਂ ਗੋਦਾਮ ਵਿੱਚ ਅੱਗ ਲੱਗੀ। ਮੁੱਢਲੀ ਜਾਣਕਾਰੀ ਅਨੁਸਾਰ ਅੱਗ ਲੱਗਣ ਦਾ ਕਾਰਨ ਕਿਸੇ ਪਟਾਕੇ ਦਾ ਗੋਦਾਮ ਵਿੱਚ ਡਿੱਗਣਾ ਦੱਸਿਆ ਜਾ ਰਿਹਾ ਹੈ, ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਹੋਣੀ ਅਜੇ ਬਾਕੀ ਹੈ।
ਗੋਦਾਮ ਵਿੱਚ ਪਏ ਕਬਾੜ ਦੇ ਭਾਰੀ ਮਾਤਰਾ ਵਿੱਚ ਸਾਮਾਨ ਨੇ ਅੱਗ ਨੂੰ ਹੋਰ ਭੜਕਾ ਦਿੱਤਾ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਵਿਕਰਾਲ ਰੂਪ ਧਾਰਨ ਕਰ ਲਿਆ। ਅੱਗ ਦੀਆਂ ਉੱਚੀਆਂ-ਉੱਚੀਆਂ ਲਪਟਾਂ ਦੂਰੋਂ ਹੀ ਦਿਖਾਈ ਦੇ ਰਹੀਆਂ ਸਨ। ਕੁਝ ਹੀ ਸਮੇਂ ਵਿੱਚ ਅੱਗ ਨੇ ਨਾਲ ਲੱਗਦੀਆਂ ਹਰਚਰਨ ਸਿੰਘ ਦੀਆਂ ਤਿੰਨ ਦੁਕਾਨਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਉੱਥੇ ਪਿਆ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ।
ਅੱਗ ਦੀ ਗੰਭੀਰਤਾ ਨੂੰ ਦੇਖਦਿਆਂ ਸੁਲਤਾਨਪੁਰ ਲੋਧੀ ਤੋਂ ਇਲਾਵਾ ਕਪੂਰਥਲਾ, ਕਰਤਾਰਪੁਰ, ਸ਼ਾਹਕੋਟ ਅਤੇ ਭੁਲੱਥ ਸਮੇਤ ਵੱਖ-ਵੱਖ ਇਲਾਕਿਆਂ ਤੋਂ ਕਰੀਬ 25 ਫਾਇਰ ਬ੍ਰਿਗੇਡ ਗੱਡੀਆਂ ਮੌਕੇ ’ਤੇ ਪਹੁੰਚੀਆਂ। ਦਮਕਲ ਵਿਭਾਗ ਦੇ ਕਰਮਚਾਰੀ ਐਤਵਾਰ ਰਾਤ ਤੋਂ ਹੀ ਅੱਗ ’ਤੇ ਕਾਬੂ ਪਾਉਣ ਲਈ ਜੁਟੇ ਹੋਏ ਹਨ। ਇਸ ਦੇ ਬਾਵਜੂਦ ਗੋਦਾਮ ਅੰਦਰ ਮੌਜੂਦ ਕਬਾੜ ਦੇ ਸਾਮਾਨ ਵਿੱਚ ਅੱਗ ਦੀਆਂ ਚੰਗਿਆੜੀਆਂ ਮੁੜ ਭੜਕ ਉੱਠਦੀਆਂ ਹਨ, ਜਿਸ ਕਾਰਨ ਅੱਗ ਪੂਰੀ ਤਰ੍ਹਾਂ ਸ਼ਾਂਤ ਨਹੀਂ ਹੋ ਰਹੀ।
ਸੋਮਵਾਰ 9 ਨਵੰਬਰ ਨੂੰ ਕਰੀਬ 22 ਘੰਟੇ ਬੀਤ ਜਾਣ ਤੋਂ ਬਾਅਦ ਵੀ ਦਮਕਲ ਵਿਭਾਗ ਦੀਆਂ ਟੀਮਾਂ ਮੌਕੇ ’ਤੇ ਡਟੀਆਂ ਹੋਈਆਂ ਹਨ ਅਤੇ ਮੁੜ ਸੁਲਗ ਰਹੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਜਾਰੀ ਹੈ। ਲਗਾਤਾਰ ਚੱਲ ਰਹੇ ਇਸ ਅੱਗ ਬੁਝਾਊ ਆਪ੍ਰੇਸ਼ਨ ਕਾਰਨ ਦਮਕਲ ਕਰਮਚਾਰੀਆਂ ਨੂੰ ਵੀ ਕਾਫ਼ੀ ਮੁਸ਼ੱਕਤ ਕਰਨੀ ਪੈ ਰਹੀ ਹੈ।
ਦੀਵਾਲੀ ਦੀ ਰਾਤ ਵਾਪਰੇ ਇਸ ਅਗਨੀਕਾਂਡ ਨੇ ਪੀੜਤ ਪਰਿਵਾਰ ਨੂੰ ਭਾਰੀ ਆਰਥਿਕ ਨੁਕਸਾਨ ਪਹੁੰਚਾਇਆ ਹੈ। ਗੋਦਾਮ ਅਤੇ ਤਿੰਨ ਦੁਕਾਨਾਂ ਵਿੱਚ ਪਏ ਲੱਖਾਂ ਰੁਪਏ ਦੇ ਸਾਮਾਨ ਦੇ ਸੜਨ ਕਾਰਨ ਪਰਿਵਾਰ ਨੂੰ ਵੱਡਾ ਘਾਟਾ ਝੱਲਣਾ ਪਿਆ ਹੈ। ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਅਤੇ ਹੋਏ ਕੁੱਲ ਨੁਕਸਾਨ ਸਬੰਧੀ ਅਧਿਕਾਰਤ ਜਾਣਕਾਰੀ ਦੀ ਉਡੀਕ ਹੈ।
What's Your Reaction?
Like
0
Dislike
0
Love
0
Funny
0
Angry
0
Sad
0
Wow
0