ਯੂਕੇ ਸਰਕਾਰ ਨੇ ਵਿਦੇਸ਼ੀ ਕਾਮਿਆਂ ਲਈ ਵੀਜ਼ਾ ਨਿਯਮਾਂ ਵਿੱਚ ਕੁਝ ਬਦਲਾਅ ਕੀਤੇ ਹਨ। ਬ੍ਰਿਟੇਨ ਵਿਚ ਇਸ ਹਫ਼ਤੇ ਤੋਂ ਲਾਗੂ ਨਵੇਂ ਵੀਜ਼ਾ ਕਾਨੂੰਨ ਤਹਿਤ ਭਾਰਤੀਆਂ ਸਮੇਤ ਓਵਰਸੀਜ਼ ਕੇਅਰ ਵਰਕਰਾਂ ‘ਤੇ ਆਪਣੇ ਨਾਲ ਨਿਰਭਰ ਪਰਿਵਾਰਕ ਮੈਂਬਰਾਂ ਨੂੰ ਬ੍ਰਿਟੇਨ ਲਿਆਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਨਵੇਂ ਵੀਜ਼ਾ ਨਿਯਮਾਂ ਮੁਤਾਬਕ ਕੇਅਰ ਵਰਕਰ ਵਜੋਂ ਕੰਮ ਕਰਨ ਵਾਲੇ ਭਾਰਤੀ ਅਤੇ ਵਿਦੇਸ਼ੀ ਹੁਣ ਆਪਣੇ ਪਰਿਵਾਰਾਂ ਨੂੰ ਇੱਥੇ ਨਹੀਂ ਲਿਆ ਸਕਣਗੇ। ਗ੍ਰਹਿ ਮੰਤਰਾਲਾ ਨੇ ਇਸ ਕਾਨੂੰਨ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ, ਜੋ ਸੋਮਵਾਰ ਤੋਂ ਲਾਗੂ ਹੋ ਗਿਆ ਹੈ। ਪਿਛਲੇ ਸਾਲ ਦੇ ਅੰਕੜਿਆਂ ਅਨੁਸਾਰ, ਬ੍ਰਿਟੇਨ ਵਿੱਚ ਦੇਖ਼ਭਾਲ (ਕੇਅਰ) ਵੀਜ਼ਾ ‘ਤੇ ਕੰਮ ਕਰਨ ਵਾਲੇ 1 ਲੱਖ ਕਾਮਿਆਂ ਨਾਲ 1,20,000 ਆਸ਼ਰਿਤ ਮੈਂਬਰ ਆਏ ਸਨ। ਤਬਦੀਲੀ ਦਾ ਉਦੇਸ਼ ਯੂਕੇ ਵਿੱਚ ਵੀਜ਼ਾ ਦੁਰਵਿਵਹਾਰ ਨਾਲ ਨਜਿੱਠਣਾ ਅਤੇ ਪ੍ਰਵਾਸ ਨੂੰ ਇੱਕ ਸਥਾਈ ਪੱਧਰ ਤੱਕ ਲਿਆਉਣਾ ਹੈ। ਇਨ੍ਹਾਂ ਨਵੇਂ ਨਿਯਮਾਂ ਦੇ ਅਨੁਸਾਰ, ਵੀਜ਼ਾ ਬਿਨੈਕਾਰਾਂ ਅਤੇ ਪ੍ਰਵਾਸੀਆਂ ਲਈ ਦੇਖਭਾਲ ਪ੍ਰਦਾਤਾਵਾਂ ਨੂੰ ਵੀ ਆਪਣੇ ਆਪ ਨੂੰ ਕੇਅਰ ਕੁਆਲਿਟੀ ਕਮਿਸ਼ਨ ਕੋਲ ਰਜਿਸਟਰ ਕਰਨਾ ਹੋਵੇਗਾ। ਇਹ ਨਵੇਂ ਵੀਜ਼ਾ ਨਿਯਮ ਅੰਤਰਰਾਸ਼ਟਰੀ ਵਿਦਿਆਰਥੀਆਂ ਤੱਕ ਵੀ ਲਾਗੂ ਹੋਣਗੇ। ਸਾਬਕਾ ਗ੍ਰਹਿ ਸਕੱਤਰ ਸੁਏਲਾ ਬ੍ਰੇਵਰਮੈਨ ਨੇ ਗ੍ਰੈਜੂਏਟ ਰੂਟ ‘ਤੇ ਪਾਬੰਦੀ ਦਾ ਪ੍ਰਸਤਾਵ ਕੀਤਾ ਸੀ, ਜੋ ਵਿਦਿਆਰਥੀਆਂ ਨੂੰ ਕਿਸੇ ਵੀ ਨਿਰਭਰ ਵਿਅਕਤੀ ਜਿਵੇਂ ਕਿ ਬੱਚੇ, ਮਾਪਿਆਂ ਅਤੇ ਹੋਰਾਂ ਨੂੰ ਲਿਆਉਣ ਤੋਂ ਰੋਕਦਾ ਹੈ।