ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਤੇ ਕਿਸਾਨ-ਮਜ਼ਦੂਰ ਮੋਰਚੇ ਵੱਲੋਂ ਅੱਜ 13 ਫਰਵਰੀ ਨੂੰ ‘ਦਿੱਲੀ ਚੱਲੋ’ ਦੇ ਦਿੱਤੇ ਗਏ ਸੱਦੇ ’ਤੇ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ 114 ਕੰਪਨੀਆਂ ਦੀ ਤਾਇਨਾਤੀ ਕੀਤੀ ਹੈ। ਇਨ੍ਹਾਂ ਵਿਚ 64 ਕੰਪਨੀਆਂ ਨੀਮ ਫੌਜੀ ਬਲਾਂ ਦੀਆਂ ਅਤੇ 50 ਕੰਪਨੀਆਂ ਹਰਿਆਣਾ ਪੁਲਿਸ ਦੀਆਂ ਹਨ, ਜਿਨ੍ਹਾਂ ਨੂੰ ਪੰਜਾਬ ਦੇ ਹਰਿਆਣਾ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਤਾਇਨਾਤ ਕੀਤਾ ਗਿਆ ਹੈ। ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਅੱਜ ਸ਼ੰਭੂ ਬਾਰਡਰ ਸਣੇ ਕਈ ਥਾਵਾਂ ’ਤੇ ਮੌਕ ਡਰਿੱਲ ਵੀ ਕੀਤੀ, ਜਿਸ ਤਹਿਤ ਅੱਥਰੂ ਗੈਸ ਦੇ ਗੋਲੇ ਦਾਗ਼ ਕੇ ਦੇਖੇ ਗਏ। ਇਸ ਤੋਂ ਇਲਾਵਾ ਡਰੋਨ ਰਾਹੀਂ ਵੀ ਅੱਥਰੂ ਗੈਸ ਦੇ ਗੋਲੇ ਸੁੱਟਣ ਦੀ ਤਿਆਰੀ ਕੀਤੀ ਗਈ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਧਾਰਾ 144 ਲਗਾਈ ਗਈ ਹੈ।
ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿੱਚ ਪੱਕਾ ਮੋਰਚਾ ਲਗਾਉਣ ਲਈ ਰਾਸ਼ਨ-ਪਾਣੀ ਦਾ ਪੂਰਾ ਬੰਦੋਬਸਤ ਕੀਤਾ ਗਿਆ ਹੈ। ਟਰਾਲੀਆਂ ਵਿਚ ਬਿਸਤਰੇ, ਰਜਾਈਆਂ, ਗੱਦੇ, ਤਰਪਾਲਾਂ, ਬਾਲਣ, ਪਲਾਈਬੋਰਡ ਤੇ ਹੋਰ ਲੋੜੀਂਦਾ ਸਾਰਾ ਸਾਮਾਨ ਕਿਸਾਨਾਂ ਨੇ ਲੱਦਿਆ ਹੋਇਆ ਹੈ।
ਇਸ ਦੇ ਨਾਲ ਹੀ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਪੰਜਾਬ ਤੇ ਹਰਿਆਣਾ ਦੀ ਸਰਹੱਦ ’ਤੇ ਲਗਾਈਆਂ ਗਈਆਂ ਰੋਕਾਂ ਨੂੰ ਤੋੜਨ ਲਈ ਵੀ ਕਿਸਾਨ ਜਥੇਬੰਦੀਆਂ ਨੇ ਪੂਰੀ ਤਿਆਰੀਆਂ ਕੀਤੀਆਂ ਹੋਈਆਂ ਹਨ। ਕਿਸਾਨ ਜਥੇਬੰਦੀਆਂ ਦਿੱਲੀ ਕੂਚ ਲਈ ਕਰੇਨ, ਜੇਸੀਬੀ ਤੇ ਹੋਰ ਵਾਹਨ ਵੀ ਨਾਲ ਲੈ ਕੇ ਜਾ ਰਹੀਆਂ ਹਨ।