ਗੁਰਦਾਸਪੁਰ: ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੋ ਸਾਲ ਪੂਰੇ ਹੋਣ ‘ਤੇ ਸੂਬਾ ਵਾਸੀਆਂ ਨੂੰ ਵਧਾਈ ਦਿੱਤੀ ਹੈ। ਅੱਜ ਆਪਣੇ ਗ੍ਰਹਿ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਜਿੱਥੇ ਸੂਬੇ ਭਰ ਵਿੱਚ ਹਰ ਖੇਤਰ ਦਾ ਮਿਸਾਲੀ ਵਿਕਾਸ ਕੀਤਾ ਗਿਆ ਹੈ ਓਥੇ ਇਹ ਦੋ ਸਾਲ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਵੀ ਅਹਿਮ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਬੀਤੇ ਦੋ ਸਾਲਾਂ ਵਿੱਚ ਮਾਨ ਸਰਕਾਰ ਵੱਲੋਂ ਵਿਧਾਨ ਸਭਾ ਗੁਰਦਾਸਪੁਰ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਉੱਪਰ 100 ਕਰੋੜ ਰੁਪਏ ਤੋਂ ਵੱਧ ਰਾਸ਼ੀ ਖ਼ਰਚ ਕਰਕੇ ਵਿਕਾਸ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੀ ਅਜੇ ਤਾਂ ਸ਼ੁਰੂਆਤ ਹੋਈ ਹੈ ਅਗਲੇ ਤਿੰਨ ਸਾਲਾਂ ਵਿੱਚ ਮਾਨ ਸਰਕਾਰ ਵੱਲੋਂ ਰਿਕਾਰਡ ਵਿਕਾਸ ਕੀਤਾ ਜਾਵੇਗਾ। ਬੀਤੇ ਦੋ ਸਾਲਾਂ ਦੌਰਾਨ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ ਹੋਏ ਵਿਕਾਸ ਕਾਰਜਾਂ ਦਾ ਬਿਉਰਾ ਦਿੰਦਿਆਂ ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਉਨ੍ਹਾਂ ਨੇ ਜਦੋਂ ਮਾਨ ਸਰਕਾਰ ਵਿੱਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਸੇਵਾ ਸੰਭਾਲੀ ਸੀ ਤਾਂ ਉਨ੍ਹਾਂ ਨੇ ਤਰਜੀਹੀ ਤੌਰ ‘ਤੇ ਗੁਰਦਾਸਪੁਰ ਵਿਖੇ ਸਿਹਤ ਸੇਵਾਵਾਂ ਦੇ ਸੁਧਾਰ ਲਈ ਵਿਸ਼ੇਸ਼ ਯਤਨ ਕੀਤੇ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਵੱਲੋਂ ਵੀ ਉਨ੍ਹਾਂ ਨੂੰ ਇਸ ਵਿੱਚ ਪੂਰਾ ਸਹਿਯੋਗ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਬੰਦ ਪਏ ਪੁਰਾਣੇ ਸਿਵਲ ਹਸਪਤਾਲ ਨੂੰ ਮੁੜ ਚਾਲੂ ਕਰਵਾ ਕੇ ਇਸ ਨੂੰ ਅਰਬਨ ਕਮਿਊਨਿਟੀ ਸੈਂਟਰ ਦਾ ਦਰਜਾ ਦਿਵਾਇਆ ਗਿਆ ਹੈ ਅਤੇ ਪੰਜਾਬ ਸਰਕਾਰ ਵੱਲੋਂ ਇਸ ਹਸਪਤਾਲ ਵਿੱਚ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦੇ ਨਾਲ ਡਾਕਟਰਾਂ ਅਤੇ ਹੋਰ ਸਟਾਫ਼ ਦੀਆਂ 20 ਅਸਾਮੀਆਂ ਵੀ ਮਨਜ਼ੂਰ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹਸਪਤਾਲ ਬੱਬਰੀ ਗੁਰਦਾਸਪੁਰ ਦੀ ਇਮਾਰਤ ਉੱਪਰ 2.32 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਅਤੇ ਇਸ ਹਸਪਤਾਲ 1.15 ਕਰੋੜ ਰੁਪਏ ਦਾ ਸਮਾਨ, ਮਦਰ ਕੇਅਰ ਯੂਨਿਟ ਉੱਪਰ 10 ਕਰੋੜ ਰੁਪਏ, ਕ੍ਰਿਟੀਕਲ ਕੇਅਰ ਯੂਨਿਟ ਉੱਪਰ 13.15 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਵਿੱਚ 5 ਕਰੋੜ ਰੁਪਏ ਦੀ ਲਾਗਤ ਨਾਲ ਸਕੈਨਿੰਗ ਮਸ਼ੀਨ ਅਤੇ 24 ਲੱਖ ਰੁਪਏ ਦੀ ਲਾਗਤ ਨਾਲ ਅਲਟਰਾਸਾਊਂਡ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ 5 ਲੱਖ ਰੁਪਏ ਦੀ ਲਾਗਤ ਨਾਲ ਓ.ਟੀ. ਵਿੱਚ ਲਾਈਟਸ ਲਗਾਈਆਂ ਗਈਆਂ ਹਨ। ਚੇਅਰਮੈਨ ਰਮਨ ਬਹਿਲ ਨੇ ਅੱਗੇ ਦੱਸਿਆ ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ 2.15 ਕਰੋੜ ਰੁਪਏ ਖ਼ਰਚ ਕਰਕੇ 8 ਆਮ ਆਦਮੀ ਕਲੀਨਿਕ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਨੂੰ 20 ਲੱਖ ਰੁਪਏ ਦੀ ਵੈਨ ਮੁਹੱਈਆ ਕਰਵਾਈ ਗਈ ਹੈ।
ਰਮਨ ਬਹਿਲ ਨੇ ਕਿਹਾ ਕਿ ਸਿਹਤ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸਿੱਖਿਆ ਅਤੇ ਹੋਰ ਖੇਤਰਾਂ ਵਿੱਚ ਵਿਧਾਨ ਸਭਾ ਹਲਕਾ ਵਿੱਚ ਵੱਖ-ਵੱਖ ਵਿਕਾਸ ਕਾਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 2.50 ਕਰੋੜ ਰੁਪਏ ਗੁਰਦਾਸਪੁਰ ਦੇ ਸਕੂਲ ਆਫ਼ ਐਂਮੀਨੈਂਸ ਉੱਪਰ ਖ਼ਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 36 ਲੱਖ ਰੁਪਏ ਜ਼ਿਲ੍ਹਾ ਲਾਇਬ੍ਰੇਰੀ ਦੀ ਮੁਰੰਮਤ ਉੱਪਰ ਖ਼ਰਚ ਕੀਤੇ ਗਏ ਹਨ। ਇਸ ਤੋਂ ਇਲਾਵਾ ਦਹਾਕਿਆਂ ਤੋਂ ਬੰਦ ਪਏ ਕਲਾ ਕੇਂਦਰ ਨੂੰ ਮੁੜ ਸੁਰਜੀਤ ਕਰਨ ਲਈ 15 ਲੱਖ ਰੁਪਏ ਖ਼ਰਚ ਕੀਤੇ ਗਏ ਹਨ।