ਕੈਨੇਡਾ ਦੇ ਅਲਬਰਟਾ ਸੂਬੇ ’ਚ ਕੈਲਗਰੀ ਦੇ ਉੱਤਰ-ਪੂਰਬ ’ਚ ਸਥਿਤ ਇਕ ਗੁਰਦੁਆਰੇ ਦੇ ਬਾਹਰ ਪ੍ਰਦਰਸ਼ਨ ਦੌਰਾਨ ਦੋ ਧੜਿਆਂ ’ਚ ਝੜਪ ਹੋ ਗਈ ਜਿਸ ’ਚ ਘੱਟੋ-ਘੱਟ ਦੋ ਵਿਅਕਤੀ ਜ਼ਖ਼ਮੀ ਹੋ ਗਏ। ਕੈਲਗਰੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਸ਼ਾਮ ਬੋਲਵਰਡ ਦੇ ਗੁਰਦੁਆਰੇ ਤੋਂ ਫੋਨ ਕਾਲ ਆਈ ਕਿ ਇੱਥੇ ਪ੍ਰਬੰਧਕੀ ਕਮੇਟੀ ਨੂੰ ਲੈ ਕੇ ਚੱਲ ਰਹੇ ਪ੍ਰਦਰਸ਼ਨ ਦੌਰਾਨ ਦੋ ਧੜਿਆਂ ’ਚ ਝੜਪ ਹੋ ਗਈ ਹੈ।
ਅਧਿਕਾਰੀਆਂ ਅਨੁਸਾਰ ਇਸ ਤੋਂ ਪਹਿਲਾਂ ਵੀ ਦਸਮੇਸ਼ ਕਲਚਰ ਸੈਂਟਰ ਤੋਂ ਦੁਪਹਿਰੇ ਫੋਨ ਕਾਲ ਆਈ ਕਿ ਇਮਾਰਤ ਦੇ ਕਬਜ਼ਾਧਾਰੀਆਂ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਤਣਾਅਪੂਰਨ ਮਾਹੌਲ ਹੈ। ਦੂਜੀ ਕਾਲ ਆਉਣ ਪਿੱਛੋਂ ਪੁਲਿਸ ਮੌਕੇ ’ਤੇ ਪੁੱਜੀ। ਕੈਲਗਰੀ ਪੁਲਿਸ ਅਨੁਸਾਰ ਇਸ ਝੜਪ ’ਚ 50 ਤੋਂ 100 ਲੋਕ ਸ਼ਾਮਲ ਸਨ। ਇਸ ਦੌਰਾਨ ਹਥਿਆਰਾਂ ਦੀ ਵਰਤੋਂ ਵੀ ਕੀਤੀ ਗਈ ਪਰ ਇਸ ਸਬੰਧੀ ਅਜੇ ਕੋਈ ਗਿ੍ਰਫ਼ਤਾਰੀ ਨਹੀਂ ਹੋਈ।