ਫਰਵਰੀ 16, 2024: ਪੰਜਾਬ ਦੇ ਸਭ ਤੋਂ ਵੱਡੇ ਅਤੇ ਵਿਅਸਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਦੇ ਇਤਿਹਾਸ ‘ਚ ਦਸੰਬਰ 2023 ਅਤੇ ਸਾਲ 2023 ਯਾਤਰੀ ਅਤੇ ਹਵਾਈ ਆਵਾਜਾਈ ਵਿੱਚ ਹੁਣ ਪਹਿਲੇ ਸਥਾਨ ‘ਤੇ ਆ ਗਏ ਹਨ। ਅੰਮ੍ਰਿਤਸਰ ਹਵਾਈ ਅੱਡੇ ‘ਤੇ ਸੰਪਰਕ ਨੂੰ ਵਧਾਉਣ ਅਤੇ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗਮਟਾਲਾ ਨੇ ਪ੍ਰੈਸ ਨਾਲ ਅਹਿਮ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਹਵਾਈ ਅੱਡੇ ਨੇ ਪਹਿਲੀ ਵਾਰ ਕਿਸੇ ਇੱਕ ਮਹੀਨੇ ਵਿੱਚ ਤਿੰਨ ਲੱਖ ਯਾਤਰੀਆਂ ਦੀ ਗਿਣਤੀ ਨੂੰ ਪਾਰ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ।
ਗੁਮਟਾਲਾ ਦੇ ਅਨੁਸਾਰ, ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੁਆਰਾ ਹਾਲ ਹੀ ਵਿੱਚ ਭਾਰਤ ਦੇ ਹਵਾਈ ਅੱਡਿਆਂ ਤੋਂ ਹਵਾਈ ਆਵਾਜਾਈ ਸੰਬੰਧੀ ਦਸੰਬਰ 2023 ਲਈ ਜਾਰੀ ਕੀਤੇ ਗਏ ਅੰਕੜੇ ਅਤੇ ਪਿਛਲੇ ਸਾਲਾਂ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ਨੇ ਦਸੰਬਰ 2023 ਵਿੱਚ ਕੁੱਲ 3,38,712 (ਲਗਭਗ 3.38 ਲੱਖ) ਯਾਤਰੀਆਂ ਦਾ ਸਵਾਗਤ ਕੀਤਾ, ਜਿਸ ਵਿੱਚ 2,31,699 ਘਰੇਲੂ ਅਤੇ 1,06,813 ਅੰਤਰਰਾਸ਼ਟਰੀ ਯਾਤਰੀ ਸ਼ਾਮਲ ਹਨ। ਇਸੇ ਮਹੀਨੇ ਵਿੱਚ ਹੀ ਹੁਣ ਤੱਕ ਦੀ ਸਭ ਤੋਂ ਵੱਧ, 2202 ਉਡਾਣਾਂ ਦੀ ਕੁੱਲ ਆਵਾਜਾਈ ਦਰਜ ਕੀਤੀ ਗਈ, ਜਿਸ ਵਿੱਚ 1,604 ਘਰੇਲੂ ਅਤੇ 598 ਅੰਤਰਰਾਸ਼ਟਰੀ ਉਡਾਣਾਂ ਸ਼ਾਮਲ ਹਨ। ਇਹ ਵੀ ਪਹਿਲੀ ਵਾਰ ਹੋਇਆ ਕਿ ਇੱਕ ਮਹੀਨੇ ਵਿੱਚ ਅੰਤਰਰਾਸ਼ਟਰੀ ਯਾਤਰੀਆਂ ਦੀ ਕੁੱਲ ਗਿਣਤੀ ਇੱਕ ਲੱਖ ਦਾ ਅੰਕੜਾ ਪਾਰ ਕਰ ਗਈ।
ਇਸ ਤੋਂ ਪਹਿਲਾਂ ਨਵੰਬਰ 2023, 2 ਲੱਖ 85 ਹਜ਼ਾਰ ਯਾਤਰੀਆਂ ਨਾਲ ਸਭ ਤੋਂ ਵੱਧ ਯਾਤਰੀ ਅਤੇ ਹਵਾਈ ਆਵਾਜਾਈ ਵਾਲਾ ਮਹੀਨਾ ਬਣਿਆ ਸੀ। ਦਸੰਬਰ 2023 ਦੀ ਤੁਲਨਾ ਵਿੱਚ ਦਸੰਬਰ 2022 ਵਿੱਚ 2,40,200 ਯਾਤਰੀਆਂ ਦੀ ਗਿਣਤੀ ਵਿੱਚ 41% ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ।
ਇਨੀਸ਼ੀਏਟਿਵ ਵੱਲੋਂ ਕੀਤੇ ਗਏ ਬੀਤੇ ਕਈ ਸਾਲਾਂ ਦੇ ਅੰਕੜਿਆਂ ਦੇ ਵਿਸਤ੍ਰਿਤ ਵਿਸ਼ਲੇਸ਼ਣ ਤੋਂ ਸਾਹਮਣੇ ਆਏ ਉਤਸ਼ਾਹਜਨਕ ਨਤੀਜਿਆਂ ‘ਤੇ ਖੁਸ਼ੀ ਜ਼ਾਹਰ ਕਰਦਿਆਂ ਗੁਮਟਾਲਾ ਨੇ ਹਵਾਈ ਅੱਡੇ ਦੇ ਇਤਿਹਾਸ ਵਿੱਚ ਇੱਕ ਹੋਰ ਨਵੇਂ ਮੀਲ ਪੱਥਰ ਦਾ ਵੀ ਖੁਲਾਸਾ ਕੀਤਾ। ਉਹਨਾਂ ਦੱਸਿਆਂ, “ਹਵਾਈੰ ਅੱਡੇ ਨੇ ਸਾਲ 2023 ਵਿੱਚ ਕੁੱਲ 29,44,916 (ਲਗਭਗ 29.5 ਲੱਖ) ਯਾਤਰੀਆਂ ਦੀ ਆਵਾਜਾਈ ਦਰਜ ਕਰਕੇ ਸਾਲ 2019 ਵਿੱਚ ਦਰਜ ਪਿਛਲੀ ਸਭ ਤੋਂ ਵੱਧ 25,63,719 (ਤਕਰੀਬਨ 25.6 ਲੱਖ) ਯਾਤਰੀਆਂ ਦੀ ਕੁੱਲ ਗਿਣਤੀ ਨੂੰ ਮਾਤ ਦੇ ਦਿੱਤੀ ਹੈ। ਇਸ ਵਿੱਚ 20,26,901 ਘਰੇਲੂ ਅਤੇ 9,518 ਯਾਤਰੀ ਸ਼ਾਮਲ ਹਨ।”
ਗੁਮਟਾਲਾ ਨੇ ਯਾਤਰੀਆਂ ਵਿੱਚ ਵਾਧੇ ਦਾ ਕਾਰਨ ਸਾਲ 2023 ਵਿੱਚ ਸ਼ੁਰੂ ਹੋਈਆਂ ਨਵੀਆਂ ਅਤੇ ਪਹਿਲਾਂ ਤੋਂ ਹੀ ਚੱਲ ਰਹੀਆਂ ਉਡਾਣਾਂ ਵਿੱਚ ਵਧੇਰੇ ਲੋਕਾਂ ਵੱਲੌਂ ਯਾਤਰਾ ਕਰਨਾ ਦੱਸਿਆ ਹੈ। ਇਸ ਨਾਲ ਏਅਰਪੋਰਟ ਦੀ ਆਮਦਨ ਵਿੱਚ ਵਾਧੇ ਹੋਵੇਗਾ ਅਤੇ ਸੂਬਾ ਵਾਸੀਆਂ ਨੂੰ ਵਧੇਰੇ ਨੌਕਰੀਆਂ ਮਿਲਣਗੀਆਂ। ਅੰਮ੍ਰਿਤਸਰ ਹਵਾਈ ਅੱਡੇ ਦਾ ਵਰਤਮਾਨ ਵਿੱਚ ਲੰਡਨ, ਬਰਮਿੰਘਮ, ਮਿਲਾਨ, ਰੋਮ, ਦੁਬਈ, ਸ਼ਾਰਜਾਹ, ਦੋਹਾ, ਸਿੰਗਾਪੁਰ ਅਤੇ ਕੁਆਲਾਲੰਪੁਰ ਸਮੇਤ 9 ਅੰਤਰਰਾਸ਼ਟਰੀ ਅਤੇ 13 ਘਰੇਲੂ ਹਵਾਈ ਅੱਡਿਆਂ ਨਾਲ ਸਿੱਧਾ ਸੰਪਰਕ ਹੈ। ਇੱਥੋਂ ਭਾਰਤ ਅਤੇ ਵਿਦੇਸ਼ ਦੀਆਂ 10 ਏਅਰਲਾਈਨਾਂ, ਹਫ਼ਤੇ ਵਿੱਚ ਤਕਰੀਬਨ 114 ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਕਰਦੀਆਂ ਹਨ।