ਸ਼ਹੀਦੀ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ
ਮਨੁੱਖੀ ਅਧਿਕਾਰਾਂ ਦੀ ਆਜ਼ਾਦੀ ਵਾਸਤੇ, ਆਪਣੇ ਤਿੰਨ ਸਿੱਖਾਂ ਸਮੇਤ ਵੱਡਾ ਸਾਕਾ ਵਰਤਾਉਣ ਵਾਲੇ, ਹਿੰਦ ਦੀ ਚਾਦਰ, ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼, ਛੇਵੇਂ ਸਤਿਗੁਰੂ, ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਅਤੇ ਮਾਤਾ ਨਾਨਕੀ ਜੀ ਦੇ ਗ੍ਰਿਹ ਵਿਖੇ, ਇਕ ਅਪ੍ਰੈਲ, ਸੰਨ 1621 ਨੂੰ, ਸ੍ਰੀ ਅੰਮ੍ਰਿਤਸਰ ਵਿਚ ਹੋਇਆ। ਆਪ ਜੀ ਆਪਣੇ ਪੰਜ ਭਰਾਵਾਂ ਅਤੇ ਇਕ ਭੈਣ ਵਿਚੋਂ, ਸਭ ਤੋਂ ਛੋਟੇ ਸਨ।
ਬਚਪਨ ਵਿਚ ਆਪ ਜੀ ਹਾਣੀਆਂ ਨਾਲ ਖੇਡਣ ਨਾਲੋਂ ਇਕਾਂਤ ਵਿਚ ਪ੍ਰਭੂ ਦੀ ਭਗਤੀ ਵਿਚ ਜ਼ਿਆਦਾ ਲੀਨ ਰਹਿੰਦੇ ਸਨ। ਇਕ ਦਿਨ ਪਿਤਾ, ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ, ਸਹਿਜ ਸੁਭਾ ਬੈਠੇ ਹੋਏ ਬਚਨ ਕਰ ਰਹੇ ਸਨ ਕਿ ਬਾਲਕ ਸਾਹਿਬਜ਼ਾਦਾ, ਤੇਗ਼ ਬਹਾਦਰ ਜੀ, ਨਿੱਕੇ ਨਿੱਕੇ ਚਰਨਾਂ ਨਾਲ ਚੱਲ ਕੇ ਪਿਤਾ ਜੀ ਪਾਸ ਪੁੱਜ ਗਏ। ਗੁਰੂ ਜੀ ਨੇ ਸਾਹਿਬਜ਼ਾਦੇ ਨੂੰ ਪਿਆਰ ਸਹਿਤ ਗੋਦ ਵਿਚ ਚੁੱਕ ਲਿਆ ਅਤੇ ਬਚਨ ਕੀਤੇ:
ਸਤਿਗੁਰੂ ਨਾਨਕ ਜੀ ਦੀਆਂ ਰੱਖਾਂ! ਮੇਰਾ ਲਾਲ ਇਕ ਵੱਡਾ ਸੰਤ, ਗੁਰਮੁਖ, ਬ੍ਰਹਮ ਗਿਆਨੀ ਤੇ ਧਰਮ ਦੀ ਰਾਖੀ ਕਰਨ ਵਾਲਾ ਭਾਰੀ ਬਲੀ ਯੋਧਾ ਹੋਵੇਗਾ। ਆਪਣੀ ਬਲੀ ਦੇ ਕੇ ਧਰਮ ਦੀ ਰਾਖੀ ਕਰੇਗਾ। ਜ਼ੁਲਮੀ ਮੁਗ਼ਲ ਰਾਜ ਦੀਆਂ ਜੜ੍ਹਾਂ ਪੋਲੀਆਂ ਹੋ ਜਾਣਗੀਆਂ। ਆਪਣੇ ਬਾਬੇ (ਸ੍ਰੀ ਗੁਰੂ ਅਰਜਨ ਦੇਵ ਜੀ) ਵਾਂਗ ਹੀ ਆਪਣੇ ਸਰੀਰ ਉਤੇ ਅਨੇਕਾਂ ਕਸ਼ਟ ਝਲੇਗਾ।
ਸਤਿਗੁਰੂ ਜੀ ਦੇ ਸਮੇ ਦਿੱਲੀ ਤਖ਼ਤ ’ਤੇ ਔਰੰਗਜ਼ੇਬ ਬੈਠਾ ਹੋਇਆ ਸੀ ਜੋ ਕਿ ਉਸ ਨੇ ਆਪਣੇ ਬਾਪ, ਭਰਾਵਾਂ ਆਦਿ ਰਿਸ਼ਤੇਦਾਰਾਂ ਦੇ ਖ਼ੂਨ ਦੀ ਹੋਲੀ ਖੇਡ ਕੇ ਅਤੇ ਹਰੇਕ ਪ੍ਰਕਾਰ ਦੀ ਧੋਖੇਬਾਜ਼ੀ ਕਰਨ ਉਪ੍ਰੰਤ ਹਥਿਆਇਆ ਸੀ ਅਤੇ ਹੁਣ ਇਸ ਨੂੰ ਕਾਇਮ ਰੱਖਣ ਲਈ ਉਸ ਨੂੰ ਮਜ਼ਹਬੀ ਜਨੂµਨੀਆਂ ਦੀ ਹਿਮਾਇਤ ਦੀ ਲੋੜ ਸੀ। ਇਹਨਾਂ ਦੀ ਹਿਮਾਇਤ ਪ੍ਰਾਪਤ ਕਰਨ ਵਾਸਤੇ ਉਸ ਨੇ ਖ਼ੁਦ ਨੂੰ ਇਸਲਾਮ ਦਾ ਸਭ ਤੋਂ ਵੱਡਾ ਰੱਖਿਅਕ ਸਾਬਤ ਕਰਨ ਦਾ ਯਤਨ ਕੀਤਾ। ਇਸ ਵਾਸਤੇ ਜ਼ੁਲਮ ਦੀ ਹਨੇਰੀ ਉਸ ਨੇ ਹਿੰਦੁਸਤਾਨ ਵਿਚ ਝੁਲਾ ਦਿੱਤੀ। ਹਿੰਦੂਆਂ, ਸੂਫ਼ੀਆਂ, ਸ਼ੀਆਂ, ਗੱਲ ਕੀ, ਉਸ ਨੇ ਸਭ ਦੇ ਭਾ ਦੀ ਸ਼ਾਮਤ ਲਿਆ ਦਿੱਤੀ।
ਕਸ਼ਮੀਰ ਦੇ ਪੰਡਿਤਾਂ ਉਪਰ ਤਾਂ ਖ਼ਾਸ ਤੌਰ ’ਤੇ ਜ਼ੁਲਮ ਦੀ ਹਨੇਰੀ ਝੁੱਲੀ। ਜੋ ਵੀ ਜ਼ੁਲਮ ਕਲਪਿਆ ਜਾ ਸਕਦਾ ਹੈ, ਉਹ ਹਿੰਦੂਆਂ ਉਪਰ ਕੀਤਾ ਗਿਆ। ਸ਼ੇਰ ਅਫ਼ਗ਼ਾਨ ਓਥੋਂ ਦਾ ਉਸ ਸਮੇ ਸੂਬੇਦਾਰ ਸੀ। ਉਸ ਨੇ ਕਹਿਰ ਬਰਸਾ ਦਿੱਤਾ ਜ਼ੁਲਮ ਦਾ। ਇਤਿਹਾਸਕ ਰਵਾਇਤ ਦੱਸਦੀ ਹੈ ਕਿ ਦੁਖੀ ਹੋਏ ਕਸ਼ਮੀਰੀ ਪੰਡਤ ਅਮਰਨਾਥ ਦੇ ਮੰਦਰ ਵਿਚ ਇਕੱਠੇ ਹੋਏ ਤੇ ਉਹਨਾਂ ਨੇ ਦੇਵਤਿਆਂ ਅੱਗੇ ਪ੍ਰਾਰਥਨਾ ਕੀਤੀ। ਓਥੋਂ ਆਵਾਜ਼ ਆਈ ਕਿ ਗੁਰੂ ਨਾਨਕ ਦਾ ਘਰ ਨਿਮਾਣਿਆਂ ਦੀ ਬਾਂਹ ਫੜਦਾ ਹੈ। ਗੁਰੂ ਤੇਗ਼ ਬਹਾਦਰ ਜੀ ਦੇ ਦਰਬਾਰ ਵਿਚ ਪੁੱਜ ਕੇ ਫ਼ਰਿਆਦ ਕਰੋ। ਉਹ ਤੁਹਾਡੇ ਕਸ਼ਟ ਕੱਟਣਗੇ।
ਕਸ਼ਮੀਰ ਦੇ ਸੂਬੇਦਾਰ ਨਾਲ ਇਹ ਇਕਰਾਰ ਕਰ ਕੇ ਕਿ ਫੇਰ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ, ਸਾਨੂੰ ਛੇ ਮਹੀਨੇ ਦੀ ਮੋਹਲਤ ਦਿੱਤੀ ਜਾਵੇ ਵਿਚਾਰ ਕਰਨ ਲਈ। ਉਪ੍ਰੰਤ ਚੁੱਪ ਚੁਪਾਤੇ ਪੰਡਿਤਾਂ ਦਾ ਪ੍ਰਤੀਨਿਧ ਮੰਡਲ, ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ਵਿਚ, ਸ੍ਰੀ ਅਨੰਦਪੁਰ ਸਾਹਿਬ ਵੱਲ ਚੱਲ ਪਿਆ। ਸ੍ਰੀ ਅਨੰਦਪੁਰ ਸਾਹਿਬ ਪਹੁੰਚ ਕੇ, ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਚਰਨਾਂ ਵਿਚ ਕਸ਼ਮੀਰੀ ਹਿੰਦੂਆਂ ਉਪਰ ਕੀਤੇ ਜਾ ਰਹੇ ਜ਼ੁਲਮਾਂ ਦਾ ਵਿਸਥਾਰ ਸਹਿਤ ਵਰਨਣ ਕਰ ਕੇ, ਜ਼ੁਲਮ ਤੋਂ ਰੱਖਿਆ ਕਰਨ ਵਾਸਤੇ ਬੇਨਤੀ ਕੀਤੀ। ਪੰਡਿਤਾਂ ਦੀ ਅਤਿ ਦਰਦਨਾਕ ਹਾਲਤ ਸੁਣ ਕੇ ਸਤਿਗੁਰੂ ਜੀ ਗੰਭੀਰਤਾ ਦੀ ਅਵਸਥਾ ਵਿਚ ਚਲੇ ਗਏ ਅਤੇ ਅੱਖਾਂ ਬੰਦ ਕਰ ਕੇ, ਸ਼ਾਂਤ ਅਤੇ ਖ਼ਾਮੋਸ਼ ਹੋ ਗਏ। ਕੁਝ ਸਮੇ ਪਿੱਛੋਂ ਉਹਨਾਂ ਨੇ ਨੇਤਰ ਖੋਹਲੇ ਤਾਂ ਨੇਤਰਾਂ ਵਿਚ ਨਵੀਂ ਚਮਕ ਅਤੇ ਚੇਹਰੇ ਉਪਰ ਪ੍ਰਭਾਵਸ਼ਾਲੀ ਨੂਰ ਸੀ।
ਇਸ ਸਮੇ ਬਾਲ ਗੋਬਿੰਦ ਰਾਇ ਜੀ ਖੇਡਦੇ ਹੋਏ ਆ ਗਏ ਤੇ ਪਿਤਾ ਜੀ ਦੀ ਗੰਭੀਰਤਾ ਦਾ ਕਾਰਨ ਜਾਨਣਾ ਚਾਹਿਆ। ਸਤਿਗੁਰੂ ਜੀ ਨੇ ਦੱਸਿਆ ਕਿ ਇਹਨਾਂ ਦੁਖੀ ਧਰਮੀਆਂ ਦਾ ਦੁੱਖ ਦੂਰ ਕਰਨ ਵਾਸਤੇ ਕਿਸੇ ਮਹਾਂਪੁਰਸ਼ ਦੀ ਕੁਰਬਾਨੀ ਦੀ ਲੋੜ ਹੈ। “ਆਪ ਜੀ ਨਾਲੋਂ ਹੋਰ ਕਿਹੜਾ ਵੱਡਾ ਮਹਾਂ ਪੁਰਸ਼ ਹੋ ਸਕਦਾ ਹੈ? ਤੁਸੀਂ ਹੀ ਆਪਣੀ ਕੁਰਬਾਨੀ ਦੇ ਕੇ ਇਹਨਾਂ ਦੇ ਧਰਮ ’ਤੇ ਆਇਆ ਸੰਕਟ ਦੂਰ ਕਰੋ।” ਸਾਹਿਬਜ਼ਾਦਾ ਜੀ ਦਾ ਸਹਿਜ ਸੁਭਾ ਬਚਨ ਸੀ।
ਸਾਹਿਬਜ਼ਾਦੇ ਦੇ ਇਹ ਬਚਨ ਕਰਨ ਪਿੱਛੋਂ ਸਤਿਗੁਰੂ ਜੀ ਨੇ ਪੰਡਤਾਂ ਨੂੰ ਆਖ ਦਿੱਤਾ ਕਿ ਉਹ ਸਮੇ ਦੇ ਹਾਕਮਾਂ ਨੂੰ ਇਹ ਗੱਲ ਦੱਸ ਦੇਣ ਕਿ ਜੇਕਰ ਗੁਰੂ ਤੇਗ਼ ਬਹਾਦਰ ਜੀ ਮੁਸਲਮਾਨ ਬਣ ਜਾਣ ਤਾਂ ਫੇਰ ਸਾਰੇ ਹਿੰਦੂ ਬਿਨਾ ਕਿਸੇ ਤਰੱਦਦ ਦੇ ਮੁਸਲਮਾਨ ਬਣ ਜਾਣਗੇ। ਪੰਡਿਤਾਂ ਦੀ ਅਰਜ਼ੀ ਔਰੰਗਜ਼ੇਬ ਪਾਸ ਪੁੱਜ ਗਈ ਤੇ ਉਸ ਨੇ ਗੁਰੂ ਜੀ ਨੂੰ ਦਿੱਲੀ ਲਿਆਉਣ ਵਾਸਤੇ ਅਹਿਦੀਏ ਭੇਜ ਦਿੱਤੇ।
ਸਤਿਗੁਰੂ ਜੀ ਖ਼ੁਦ ਹੀ ਮੁਖੀ ਸਿੱਖਾਂ ਦੇ ਨਾਲ ਦਿੱਲੀ ਨੂੰ ਚੱਲ ਪਏ। ਰਸਤੇ ਵਿਚ ਹਾਕਮਾਂ ਦੇ ਜ਼ੁਲਮਾਂ ਤੋਂ ਤੰਗ ਆਈ ਹੋਈ ਲੋਕਾਈ ਦੇ ਹਿਰਦਿਆਂ ਵਿਚ ਚੜ੍ਹਦੀਕਲਾ ਦਾ ਸੰਚਾਰ ਕਰਦੇ ਹੋਏ ਆਗਰੇ ਪਹੁੰਚ ਗਏ ਜਿਥੋਂ ਆਪ ਜੀ ਨੂੰ ਗ੍ਰਿਫ਼ਤਾਰ ਕਰ ਕੇ ਦਿੱਲੀ ਲਿਜਾਇਆ ਗਿਆ। ਪੰਜ ਸਿੱਖਾਂ ਸਮੇਤ ਸਤਿਗੁਰੂ ਜੀ ਨੂੰ ਅਤਿ ਘਟੀਆ ਕਿਸਮ ਦੀ ਜੇਹਲ ਵਿਚ ਰੱਖਿਆ ਗਿਆ। ਤਰ੍ਹਾਂ ਤਰ੍ਹਾਂ ਦੇ ਤਸੀਹੇ ਤੇ ਤੰਗੀਆਂ ਦੇ ਦੇ ਕੇ, ਹਾਕਮਾਂ ਨੇ ਸਤਿਗੁਰੂ ਜੀ ਨੂੰ ਡਰਾਉਣਾ ਚਾਹਿਆ। ਗੁਰੂ ਜੀ ਨੂੰ ਲਾਲਚ ਵੀ ਔਰੇਗਜ਼ੇਬ ਵੱਲੋਂ ਦਿੱਤੇ ਗਏ ਪਰ ਸਤਿਗੁਰੂ ਜੀ ਦਾ ਉਦੇਸ਼ ਦੁਨੀਆ ਅੰਦਰ ਧਾਰਮਿਕ ਆਜ਼ਾਦੀ ਕਾਇਮ ਕਰਨਾ ਸੀ। ਸਮੇ ਦੀ ਹਕੂਮਤ, ਜੋ ਕਿ ਧੱਕੇ ਨਾਲ ਰਿਆਇਆ ਦਾ ਧਰਮ ਖੋਹ ਰਹੀ ਸੀ, ਉਸ ਨੂੰ ਇਸ ਜ਼ੁਲਮ ਤੋਂ ਰੋਕਣਾ ਸੀ।
ਸਤਿਗੁਰੂ ਜੀ ਨੂੰੂ, ਜ਼ੁਲਮ ਦੀ ਇੰਤਹਾ ਵਿਖਾ ਕੇ ਡਰਾਉਣ ਵਾਸਤੇ ਪਹਿਲਾਂ ਉਹਨਾਂ ਦੇ ਸਾਥੀ ਸਿੱਖ, ਭਾਈ ਮਤੀ ਦਾਸ ਜੀ, ਨੂੰ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ। ਫੇਰ ਦੂਸਰੇ ਸਿੱਖ, ਭਾਈ ਦਿਆਲ ਦਾਸ ਜੀ, ਨੂੰ ਉਬਲਦੀ ਦੇਗ ਵਿਚ ਬਿਠਾ ਕੇ ਸ਼ਹੀਦ ਕੀਤਾ। ਤੀਜੇ ਸਿੱਖ, ਭਾਈ ਸਤੀ ਦਾਸ ਜੀ, ਦੇ ਸਰੀਰ ਨੂੰ ਰੂੰ ਵਿਚ ਲਪੇਟ ਕੇ ਤੇ ਅੱਗ ਲਾ ਕੇ ਸ਼ਹੀਦ ਕੀਤਾ ਗਿਆ।
ਅੰਤ ਵਿਚ ਸਤਿਗੁਰੂ ਜੀ ਅੱਗੇ, ਔਰੰਗਜ਼ੇਬ ਵੱਲੋਂ ਤਿੰਨ ਸ਼ਰਤਾਂ ਰੱਖੀਆਂ ਗਈਆਂ:
ਇਕ: ਮੁਸਲਮਾਨ ਬਣ ਜਾਓ।
ਦੋ: ਮੁਸਲਮਾਨ ਨਹੀਂ ਬਣਨਾ ਤਾਂ ਕਰਾਮਾਤ ਵਿਖਾਓ।
ਤਿੰਨ: ਜੇ ਇਹ ਵੀ ਨਹੀਂ ਮਨਜ਼ੂਰ ਤਾਂ ਫੇਰ ਮਰਨ ਲਈ ਤਿਆਰ ਹੋ ਜਾਓ।
ਸਤਿਗੁਰੂ ਜੀ ਤਾਂ ਦਿੱਲੀ ਗਏ ਹੀ ਧਰਮ ਦੀ ਆਜ਼ਾਦੀ ਦੀ ਬਹਾਲੀ ਵਾਸਤੇ ਸਨ। ਨਾ ਉਹਨਾਂ ਨੇ ਆਪਣਾ ਧਰਮ ਤਿਆਗਣਾ ਸੀ ਤੇ ਨਾ ਹੀ ਜਾਨ ਬਚਾਉਣ ਵਾਸਤੇ ਕਰਾਮਾਤਿ ਵਿਖਾਉਣੀ ਸੀ।
ਆਖ਼ਰ, ਔਰੰਗਜ਼ੇਬ ਦੇ ਹੁਕਮ ਨਾਲ, 11 ਨਵੰਬਰ 1675 ਵਾਲੇ ਦਿਨ, ਚਾਂਦਨੀ ਚੌਕ, ਦਿੱਲੀ ਵਿਖੇ, ਸਾਰੀ ਲੋਕਾਈ ਦੇ ਸਾਹਮਣੇ, ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸੀਸ, ਤਲਵਾਰ ਨਾਲ ਧੜ ਤੋਂ ਜੁਦਾ ਕਰ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ।
ਉਸ ਸਮੇ ਬੜੇ ਜ਼ੋਰ ਦੀ ਹਨੇਰੀ ਆਈ, ਜਿਸ ਤੋਂ ਲਾਭ ਉਠਾ ਕੇ ਭਾਈ ਜੈਤਾ ਜੀ ਗੁਰੂ ਜੀ ਦਾ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਰਵਾਨਾ ਹੋ ਗਏ ਅਤੇ ਧੜ ਗੁਰੂ ਜੀ ਦਾ, ਭਾਈ ਲੱਖੀ ਸ਼ਾਹ ਵਣਜਾਰਾ ਜੀ, ਨੀਤੀ ਨਾਲ ਆਪਣੇ ਘਰ, ਰਕਾਬਗੰਜ, ਲੈ ਗਏ ਤੇ ਆਪਣੇ ਘਰ ਨੂੰ ਅੱਗ ਲਾ ਕੇ, ਗੁਰੂ ਜੀ ਦੇ ਧੜ ਦਾ ਸਸਕਾਰ ਕੀਤਾ ਤਾਂ ਕਿ ਹਾਕਮਾਂ ਨੂੰ ਪਤਾ ਨਾ ਲੱਗੇ ਕਿ ਏਥੇ ਗੁਰੂ ਜੀ ਦੇ ਪਾਵਨ ਸਰੀਰ ਦਾ ਸਸਕਾਰ ਕੀਤਾ ਗਿਆ ਹੈ।
ਅੱਜ ਤਿੰਨ ਸਦੀਆਂ ਦੇ ਨੇੜੇ ਸਮਾ ਬੀਤਣ ਉਪ੍ਰੰਤ ਵੀ ਸ਼ਹੀਦ ਸਤਿਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਜਨਮ ਸਥਾਨ, ਸ਼ਹੀਦੀ ਸਥਾਨ, ਧੜ ਦੇ ਸਸਕਾਰ ਸਥਾਨ, ਸੀਸ ਦੇ ਸਸਕਾਰ ਸਥਾਨ ਅਤੇ ਹੋਰ ਬੇਅੰਤ ਗੁਰੂ ਜੀ ਦੀਆਂ ਯਾਦਾਂ ਨਾਲ ਸਬੰਧਤ ਸਥਾਨਾਂ ਉਪਰ ਲੱਖਾਂ ਹੀ ਸੰਗਤਾਂ ਰੋਜ਼ਾਨਾ ਸ਼ਰਧਾ ਅਰਪਣ ਵਾਸਤੇ ਯਾਤਰਾ ਕਰਦੀਆਂ ਹਨ ਅਤੇ ਸਤਿਗੁਰੂ ਜੀ ਦੇ ਮਹਾਨ ਬਲੀਦਾਨ ਤੋਂ ਪ੍ਰੇਰਨਾ ਪ੍ਰਾਪਤ ਕਰਦੀਆਂ ਹਨ ਪਰ ਆਲਮਗੀਰ ਅਖਵਾਉਣ ਵਾਲੇ, ਆਪਣੇ ਸਮੇ ਦੇ ਸਭ ਤੋਂ ਵਧ ਸ਼ਕਤੀਸ਼ਾਲੀ ਤੇ ਜ਼ਾਲਮ ਔਰੰਗਜ਼ੇਬ ਦੀ ਕਬਰ ਉਪਰ ਪਸਰੀ ਉਜਾੜ ਵਿਚ ਕੁੱਤੇ, ਬਿੱਲੇ, ਉਲੂ ਆਦਿ ਫਿਰਦੇੇ ਹਨ।
ਕਲਗ਼ੀਧਰ ਪਾਤਿਸ਼ਾਹ ਨੇ ਆਪਣੇ ਸ਼ਬਦਾਂ ਵਿਚ:
ਤਿਲਕ ਜੰਞੂ ਰਾਖਾ ਪ੍ਰਭ ਤਾ ਕਾ॥
ਕੀਨੋ ਬਡੋ ਕਲੂ ਮਹਿ ਸਾਕਾ॥
ਸਾਧਨ ਹੇਤਿ ਇਤਿ ਜਿਨਿ ਕਰੀ॥
ਸੀਸੁ ਦੀਆ ਪਰ ਸੀ ਨ ਉਚਰੀ॥
ਆਖ ਕੇ ਇਸ ਸਾਕੇ ਦੀ ਮਹਾਨਤਾ ਦਾ ਵਰਨਣ ਕੀਤਾ।
ਗੁਰੂ ਜੀ ਨੇ ਇਹ ਮਹਾਨ ਸਾਕਾ ਵਰਤਾ ਕੇ ਦੁਨੀਆ ਵਾਲਿਆਂ ਨੂੰ ਦੱਸਿਆ ਕਿ ਧਰਮ ਦੀ ਆਜ਼ਾਦੀ ਵਾਸਤੇ ਖ਼ੁਦ ਨੂੰ ਕੁਰਬਾਨ ਕਰਨ ਤੋਂ ਝਿਜਕਣਾ ਨਹੀਂ ਚਾਹੀਦਾ। ਉਹਨਾਂ ਨੇ ਉਸ ਤਿਲਕ ਜੰਞੂ ਦੀ ਰੱਖਿਆ ਹਿਤ ਇਹ ਅਨੋਖੀ ਕੁਰਬਾਨੀ ਕੀਤੀ ਜੋ ਉਹ ਨਾ ਆਪ ਪਹਿਨਦੇ ਸਨ ਤੇ ਨਾ ਉਹਨਾਂ ਦੇ ਸਿੱਖ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਨੌਂ ਸਾਲ ਦੀ ਉਮਰ (1478) ਵਿਚ ਹੀ ਜੰਞੂ ਪਹਿਨਣ ਤੋਂ ਇਨਕਾਰ ਕਰ ਕੇ ਆਪਣੇ ‘ਨਿਰਮਲ ਪੰਥ’ ਦਾ ਐਲਾਨ ਕਰ ਦਿੱਤਾ ਸੀ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਉਹਨਾਂ ਧਾਰਮਿਕ ਚਿੰਨ੍ਹਾਂ ਵਾਸਤੇ ਬਲੀਦਾਨ ਦੇ ਕੇ ਦੁਨੀਆ ਵਾਲਿਆਂ ਨੂੰ ਦੱਸਿਆ ਕਿ ਧੱਕੇ ਨਾਲ ਕਿਸੇ ਦਾ ਵੀ ਧਰਮ ਖੋਹਣ ਦੀ ਸਭਿਅਕ ਸੰਸਾਰ ਵਿਚ ਕਿਸੇ ਨੂੰ ਵੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ, ਚਾਹੇ ਉਹ ਕਿੱਡਾ ਵੀ ਤਾਕਤਵਰ ਸ਼ਹਿਨਸ਼ਾਹ ਹੋਵੇ; ਤੇ ਇਸ ਧੱਕੇ ਨੂੰ ਰੋਕਣ ਵਾਸਤੇ ਧਾਰਮਿਕ ਆਗੂਆਂ ਨੂੰ, ਇਸ ਪੱਖ ਤੋਂ ਲੋਕਾਂ ਦੀ ਅਗਵਾਈ ਹਿਤ, ਲੋੜ ਪੈਣ ’ਤੇ, ਇਸ ਅਸੂਲ ਖ਼ਾਤਰ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।
ਅੱਜ ਇਕੀਵੀਂ ਸਦੀ ਵਿਚ, ਜਦੋਂ ਕਿ ਮਨੁੱਖੀ ਅਧਿਕਾਰਾਂ ਤੇ ਵਿਚਾਰਾਂ ਦੀ ਰੱਖਿਆ ਦਾ ਬੜਾ ਸ਼ੋਰ-ਸ਼ਰਾਬਾ ਹੈ ਤੇ ਇਸ ਵਾਸਤੇ ਮਨੁੱਖੀ ਅਧਿਕਾਰ ਜਥੇਬੰਦੀਆਂ, ਇੰਟਰਨੈਸ਼ਨਲ ਰੈੱਡ ਕਰਾਸ, ਯੂਨੈਸਕੋ, ਯੂ.ਐਨ., ਐਮਨੈਸਟੀ ਇੰਟਰਨੈਸ਼ਨਲ ਆਦਿ ਇਸ ਪਾਸੇ, ਸਮਰੱਥਾ ਅਨੁਸਾਰ ਉਦਮ ਕਰ ਰਹੀਆਂ ਹਨ। ਇਹਨਾਂ ਦੇ ਆਗੂਆਂ ਤੱਕ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੁਆਰਾ, ਅੱਜ ਤੋਂ ਤਿੰਨ ਸੌ ਅੱਠਤਾਲ਼ੀ ਸਾਲ ਪਹਿਲਾਂ ਕੀਤੀ ਗਈ ਇਸ ਕਾਰਜ ਵਾਸਤੇ ਕੁਰਬਾਨੀ ਦੀ ਦਾਸਤਾਨ ਪੁਚਾਉਣ ਦੀ ਲੋੜ ਹੈ। ਸਭਿਅਕ ਸੰਸਾਰ ਦੇ ਆਗੂਆਂ ਨੂੰ ਇਹ ਵੀ ਪ੍ਰੇਰਨਾ ਕਰਨ ਦੀ ਜ਼ਰੂਰਤ ਹੈ ਕਿ 11 ਨਵੰਬਰ ਦਾ ਦਿਨ, ਸੰਸਾਰ ਭਰ ਵਿਚ, ਧਾਰਮਿਕ ਅਧਿਕਾਰਾਂ ਤੇ ਮਨੁੱਖੀ ਵਿਚਾਰਾਂ ਦੀ ਆਜ਼ਾਦੀ ਦੇ ਦਿਨ ਦੇ ਰੂਪ ਵਿਚ, ਹਰ ਸਾਲ ਮਨਾਇਆ ਜਾਇਆ ਕਰੇ।