ਪਿੰਡਾਂ ਦੇ ਬੱਝਣ, ਫੈਲਣ, ਸੁੰਗੜਨ ਅਤੇ ਉੱਜੜਣ ਦਾ ਇੱਕ ਦਿਲਚਸਪ ਇਤਿਹਾਸ ਹੈ। ਪਿੰਡ ਬੱਝਣ ਦੀ ਪਹਿਲਕਦਮੀ ਨੂੰ ਮੋਹੜੀ ਗੱਡਣੀ ਕਿਹਾ ਜਾਂਦਾ ਹੈ। ਮੁਹਾਲੀ ਪਿੰਡ ਨੇ ਪੰਚਾਇਤ ਤੋਂ ਨਗਰ ਨਿਗਮ ਅਤੇ ਜ਼ਿਲ੍ਹੇ ਦੇ ਸਦਰ ਮੁਕਾਮ ਤੀਕ ਕੁਝ ਦਹਾਕਿਆਂ ਵਿਚ ਹੀ ਪਹੁੰਚਦਿਆਂ ਇਕ ਮਿਸਾਲ ਕਾਇਮ ਕੀਤੀ ਹੈ। ਮਾਝੇ ਦਾ ਇਤਿਹਾਸਿਕ ਪਿੰਡ ਵੈਰੋਵਾਲ 1871 ਦੇ ਜ਼ਿਲ੍ਹਾ ਗ਼ਜ਼ਟੀਅਰ ਅਨੁਸਾਰ ਆਬਾਦੀ ਦੇ ਪੱਖ ਤੋਂ ਪੱਟੀ, ਜੰਡਿਆਲਾ, ਤਰਨ-ਤਾਰਨ ਵਾਂਗ ਹੀ ਇੱਕ ਵੱਡਾ ਕਸਬਾ ਅਤੇ ਵਪਾਰ ਦਾ ਕੇਂਦਰ ਸੀ। ਪਰ ਅੱਜ ਵੈਰੋਵਾਲ ਪਿੰਡ ਇਕ ਨਿੱਕੇ ਜਿਹੇ ਪਿੰਡ ਤੀਕ ਹੀ ਸਿਮਟ ਚੁੱਕਾ ਹੈ। ਇੰਜ ਹੀ ਬਹੁਤ ਸਾਰੇ ਪਿੰਡ ਐਸੇ ਵੀ ਹਨ, ਜੋ ਆਪਣੀ ਵਸੇਬੇ ਵਾਲੀ ਹੋਂਦ ਬਿਲਕੁਲ ਹੀ ਗਵਾ ਚੁੱਕੇ ਹਨ। ਪੰਜਾਬ ਸਰਕਾਰ ਦੇ ਕਾਗਜ਼ਾਂ ਵਿਚ ਸੈਂਕੜੇ ਪਿੰਡ ਬੇਚਿਰਾਗ਼ ਪਿੰਡਾਂ ਵਜੋਂ ਦਰਜ ਹਨ। ਇਨ੍ਹਾਂ ਪਿੰਡਾਂ ਦਾ ਨਾਮ ਕਾਗਜ਼ਾਂ ਵਿਚ ਤਾਂ ਬੋਲਦਾ ਹੈ, ਪਰ ਇਨ੍ਹਾਂ ਵਿਚ ਕੋਈ ਵੀ ਵਸਨੀਕ ਨਹੀਂ ਵੱਸਦਾ। ਇਨ੍ਹਾਂ ਪਿੰਡਾਂ ਨੂੰ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਬੇਚਿਰਾਗ਼ ਪਿੰਡ ਕਿਹਾ ਜਾਂਦਾ ਹੈ। ਬੇਚਿਰਾਗ਼ ਸ਼ਬਦ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸਦਾ ਅਰਥ ਉੱਜੜਿਆ, ਬੇਆਬਾਦ ਜਾਂ ਵੀਰਾਨ ਹੈ।
ਇਹਨਾਂ ਵਿੱਚੋਂ ਕੁਝ ਪਿੰਡਾਂ ਦੇ ਬੇਚਿਰਾਗ਼ ਬਣਨ ਦੀ ਕਹਾਣੀ ਭਾਰਤ-ਪਾਕ ਨਾਲ ਜੁੜੀ ਹੈ। ਜਦੋਂਕਿ ਅੱਜ ਇਨ੍ਹਾਂ ਪਿੰਡਾਂ ਦੀ ਆਪਣੀ ਜ਼ਮੀਨ ਹੈ, ਜਿਨ੍ਹਾਂ ‘ਚ ਪਾਣੀ ਦੀ ਵਾਰੀ ਵੀ ਲੱਗਦੀ ਹੈ। ਮਾਲ ਵਿਭਾਗ ਦੇ ਰਿਕਾਰਡ ਵਿਚ ਬਕਾਇਦਾ ਇਨ੍ਹਾਂ ਦਾ ਹੱਦਬਸਤ ਨੰਬਰ ਵੀ ਹੈ, ਪਰ ਹੁਣ ਇਨ੍ਹਾਂ ਪਿੰਡਾਂ ‘ਚ ਕੋਈ ਨਹੀਂ ਵੱਸਦਾ। ਦੱਸਿਆ ਜਾਂਦਾ ਹੈ ਕਿ ਅੰਗਰੇਜ਼ੀ ਸਾਮਰਾਜ ਵੱਲੋਂ ਬਣਾਇਆ ਗਿਆ ਇਹ ਹੱਦਬਸਤ ਨੰਬਰ ਅੱਜ ਵੀ ਲਾਗੂ ਹੋਣ ਕਾਰਨ ਪਟਵਾਰੀ ਤੇ ਕਾਨੂੰਗੋ ਦੇ ਬਸਤਿਆਂ ‘ਚ 1880 ਅਤੇ 1912 ਵਾਲਾ ਹੱਦਬਸਤ ਨੰਬਰ ਚੱਲਿਆ ਆ ਰਿਹਾ ਹੈ। ਇਸ ਤੋਂ ਇਲਾਵਾ ਕੁਝ ਬੇਚਿਰਾਗ਼ ਪਿੰਡ ਸਰਹੱਦ ਤੋਂ ਦੂਰ ਵੀ ਸਥਿਤ ਹਨ, ਜਿਨ੍ਹਾਂ ਦੀ ਨਾ ਪੰਚਾਇਤ ਬਣਦੀ ਹੈ ਤੇ ਨਾ ਹੀ ਉੱਥੇ ਕੋਈ ਘਰ ਮੌਜੂਦ ਹੈ। ਅਜਿਹੇ ਪਿੰਡਾਂ ਦੇ ਖਤਮ ਹੋਣ ਦੀ ਕਹਾਣੀ ਆਪੋ-ਆਪਣੀ ਹੈ। ਕੁਝ ਪਿੰਡ ਕਾਗਜ਼ਾਂ ਵਿਚ ਵੀ ਮੌਜੂਦ ਨਹੀਂ ਹਨ, ਉਨ੍ਹਾਂ ਦੇ ਨਾਮ ਪਿੰਡ ਦੇ ਲੋਕਾਂ ਵਿਚ ਪੀੜੀ ਦਰ ਪੀੜੀ ਜ਼ੁਬਾਨ ਰਾਹੀਂ ਸਫ਼ਰ ਕਰਦੇ ਹੋਏ ਵਰਤਮਾਨ ਦਾ ਹਿੱਸਾ ਬਣੇ ਹੋਏ ਹਨ। ਇਨ੍ਹਾਂ ਪਿੰਡਾਂ ਦੀ ਕਹਾਣੀ ਹੋ ਸਕਦਾ ਬਹੁਤ ਰੌਚਿਕ ਜਾਂ ਇਤਿਹਾਸਿਕ ਹੋਵੇ, ਪਰ ਸਮੇਂ ਨਾਲ ਨਾਲ ਇਹ ਚੇਤਿਆਂ ਵਿੱਚੋਂ ਮਨਫ਼ੀ ਹੁੰਦੇ ਹੁੰਦੇ ਆਪਣੀ ਵਾਰਤਾ ਗੁਆ ਚੁੱਕੇ ਹਨ। ਆਓ ਇੱਕ ਵਾਰ ਆਪਣੇ ਆਲੇ-ਦੁਆਲੇ ਵੱਸਦੇ ਅਜਿਹੇ ਪਿੰਡਾਂ ਦੇ ਨਾਮ ਅਤੇ ਦੰਦ-ਕਥਾਵਾਂ ਨੂੰ ਮੁੜ ਯਾਦ ਕਰੀਏ। ਇਨ੍ਹਾਂ ਵਿੱਚੋਂ ਕੁਝ ਪਿੰਡ ਥੇਹਾਂ ਅਤੇ ਟਿੱਬਿਆਂ ਤੀਕ ਸੀਮਤ ਹੋ ਚੁੱਕੇ ਹਨ, ਕੁਝ ਵਾਹੀਯੋਗ ਜ਼ਮੀਨਾਂ ਦੇ ਕਾਗਜ਼ਾਂ ਵਿਚ ਪੜਣ/ਸੁਣਨ ਨੂੰ ਮਿਲਦੇ ਹਨ। ਜ਼ਿਲ੍ਹਾ ਅੰਮ੍ਰਿਤਸਰ ਦੇ ਬੇਚਿਰਾਗ਼ ਪਿੰਡਾਂ ਦੀ ਨਿਸ਼ਾਨਦੇਹੀ ਕਰਦਿਆਂ ਇਨ੍ਹਾਂ ਦੀ ਵੰਡ ਤਿੰਨ ਸ਼੍ਰੇਣੀਆਂ ਵਿਚ ਕੀਤੀ ਜਾ ਸਕਦੀ ਹੈ।
ਵਿਭਾਜਨ ਹਾਲਤਾਂ ਵਿਚ ਉੱਜੜੇ ਪਿੰਡ—
ਦੇਸ਼ ਦੀ ਵੰਡ ਤੋਂ ਪਹਿਲਾਂ ਇਹ ਪਿੰਡ ਘੁੱਗ ਵੱਸਦੇ ਸਨ। ਹਿੰਦੂ/ਸਿੱਖ ਅਤੇ ਮੁਸਲਮਾਨਾਂ ਦੀ ਸਾਂਝੀ ਵੱਸੋਂ ਇਨ੍ਹਾਂ ਵਿਚ ਪਿੰਡਾਂ ਵਿਚ ਸਾਂਝੀਵਾਲਤਾ ਨਾਲ ਰਿਹਾ ਕਰਦੀ ਸੀ। ਜਦੋਂ ਭਾਰਤ-ਪਾਕਿ ਵੰਡ ਹੋਈ ਤਾਂ ਰੈੱਡ ਕਲਿਫ਼ ਆਯੋਗ ਨੇ ਇਕ ਲਕੀਰ ਖਿੱਚ ਕੇ ਇਕ ਦੇਸ਼ ਦੇ ਦੋ ਟੋਟੇ ਕਰ ਦਿੱਤੇ। ਜਿਸ ਕਾਰਨ ਕਈ ਪਿੰਡ ਭਾਰਤ ਤੇ ਪਾਕਿਸਤਾਨ ਦੇ ਵਿਚ ਵੰਡ ਗਏ। ਇਹ ਪਿੰਡ ਸਰਹੱਦ ਦੇ ਬਿਲਕੁਲ ਨੇੜੇ ਸਨ। ਜਿਨ੍ਹਾਂ ਦਾ ਵਸੋਂ ਵਾਲਾ ਹਿੱਸਾ ਪਾਕਿਸਤਾਨ ਵਿਚ ਚਲਾ ਗਿਆ ਅਤੇ ਖੇਤੀ ਵਾਲਾ ਹਿੱਸਾ ਭਾਰਤ ਵਿਚ ਰਹਿ ਗਿਆ। ਇਸ ਖੇਤੀ ਵਾਲੀ ਜ਼ਮੀਨ ‘ਤੇ ਕੁਝ ਲੋਕ ਵਸੇ ਤਾਂ ਸਨ ਪਰ 1965 ਤੇ 1971 ਦੇ ਭਾਰਤ ਪਾਕਿ ਯੁੱਧ ਅਤੇ ਹੱਦਬੰਦੀ ਦੇ ਕਾਰਨ ਉਹ ਲੋਕ ਵੀ ਆਪਣੇ ਰੈਣ ਬਸੇਰੇ ਛੱਡ ਕੇ ਹੋਰਨਾਂ ਪਿੰਡਾਂ ‘ਚ ਵੱਸ ਗਏ। ਇਸ ਤੋਂ ਬਾਅਦ ਹੋਈ ਕੰਡਿਆਲੀ ਵਾੜ ਨੇ ਇਹਨਾਂ ਪਿੰਡਾਂ ਦੇ ਮੁੜ-ਵਸੇਬੇ ਦੀ ਉਮੀਦ ਬਿਲਕੁਲ ਹੀ ਖਤਮ ਕਰ ਦਿੱਤੀ ਹੈ। ਹੁਣ ਇਹਨਾਂ ਪਿੰਡਾਂ ਵਿਚ ਸਿਰਫ ਖੇਤੀ ਯੋਗ ਜ਼ਮੀਨ ਹੈ। ਇਸ ਸੂਚੀ ਵਿਚ ਹੇਠ ਲਿਖੇ ਪਿੰਡ ਸ਼ਾਮਲ ਹਨ।
1) ਕਮਾਲਪੁਰ ਕਲਾਂ (ਅਜਨਾਲਾ)
2)ਦਰਿਆ ਮਨਸੂਰ (ਅਜਨਾਲਾ)
3)ਫੂਲਪੁਰ (ਅਜਨਾਲਾ)
4)ਧਿਆਨ ਸਿੰਘ ਪੁਰਾ (ਅਜਨਾਲਾ)
5)ਸ਼ਹਾਦਾਬਾਦ (ਅਜਨਾਲਾ)
6)ਸਹਾਰਨ (ਅਜਨਾਲਾ)
7)ਕੋਟਲੀ ਸੈਦਾਂ (ਅਜਨਾਲਾ)
8)ਲੰਗਾਰਪੁਰ (ਅਜਨਾਲਾ)
9)ਦਾਦੀਆਂ (ਅਜਨਾਲਾ)
10)ਕੋਟਲੀ ਬਰਵਾਲਾ (ਅਜਨਾਲਾ)
11)ਵਧਾਈ ਚੀਮਾ (ਅਜਨਾਲਾ)
12)ਅਰਾਜ਼ੀ ਡਰਾਇਆ (ਅਜਨਾਲਾ)
13)ਅਰਾਜ਼ੀ ਕਾਸੋਵਾਲਾ (ਅਜਨਾਲਾ)
14)ਅਰਾਜ਼ੀ ਰਜਾਦਾ (ਅਜਨਾਲਾ)
15)ਅਰਾਜ਼ੀ ਸੰਗੋਕੇ (ਅਜਨਾਲਾ)
16)ਭੈਣੀ ਗਿੱਲ (ਅਜਨਾਲਾ)
17)ਭੈਣੀਆਂ (ਅਜਨਾਲਾ)
18)ਸੁੰਦਰ ਗੜ੍ਹ (ਅਜਨਾਲਾ)
19)ਬੁੱਢਾ ਵਾਰਸਲ (ਅਜਨਾਲਾ)
20)ਕਸੋਵਾਲ (ਅਜਨਾਲਾ)
21)ਖੀਜਾਰਪੁਰਾ (ਅਜਨਾਲਾ)
22)ਛਾਣਨ (ਅਜਨਾਲਾ)
ਵਿਸਥਾਪਨ ਹਾਲਤਾਂ ਵਿਚ ਉੱਜੜੇ ਪਿੰਡ—
ਪੰਜਾਬ ਸਰਕਾਰ ਦੇ ਮਾਲ ਵਿਭਾਗ ਦੇ ਰਿਕਾਰਡ ਵਿਚ ਬਹੁਤ ਸਾਰੇ ਐਸੇ ਪਿੰਡ ਵੀ ਮੌਜੂਦ ਹਨ, ਜੋ ਸਰਹੱਦੀ ਖੇਤਰਾਂ ਤੋਂ ਬਹੁਤ ਦੂਰ ਪੈਂਦੇ ਹਨ। ਇਨ੍ਹਾਂ ਪਿੰਡਾਂ ਦਾ ਨਾਮ ਸਰਕਾਰੀ ਕਾਗਜ਼ਾਂ ਵਿਚ ਪੁਰਾਣੇ ਹੱਦਬਸਤ ਨੰਬਰਾਂ ਤਹਿਤ ਚਿਰਾਂ ਤੋਂ ਬੋਲਦਾ ਆ ਰਿਹਾ ਹੈ, ਪਰ ਇਨ੍ਹਾਂ ਵਿਚ ਨਾ ਤਾਂ ਕੋਈ ਘਰ ਹੀ ਮੌਜੂਦ ਹੈ ਤੇ ਨਾ ਹੀ ਕੋਈ ਪੰਚਾਇਤ ਬਣਦੀ ਹੈ। ਇਨ੍ਹਾਂ ਵਿਚਲੀ ਅਬਾਦੀ ਬਹੁਤ ਸਮਾਂ ਪਹਿਲਾਂ ਕਿਸੇ ਨੇੜਲੇ ਪਿੰਡ ਥਾਂ-ਬਦਲੀ (ਵਿਸਥਾਪਣ) ਕਰ ਗਈ ਸੀ। ਇਨ੍ਹਾਂ ਪਿੰਡਾਂ ਦੀ ਜ਼ਮੀਨਾਂ ਦੇ ਬਹੁਤੇ ਮਾਲਕ ਨੇੜਲੇ ਕਿਸੇ ਪਿੰਡ ਵਿਚ ਵੱਸੇ ਹੋਏ ਹਨ ਜਾਂ ਕੁਝ ਦੂਰ ਵੀ ਵੱਸੇ ਹੋ ਸਕਦੇ ਹਨ। ਇਨ੍ਹਾਂ ਪਿੰਡਾਂ ਦੀ ਕਿਤੇ ਕਿਤੇ ਥੇਹ ਦੇ ਰੂਪ ਵਿਚ, ਕਿਸੇ ਪੁਰਾਣੇ ਰੁੱਖ ਜਾਂ ਖੂਹ ਦੇ ਰੂਪ ਵਿਚ ਕੋਈ ਪੁਰਾਣੀ ਨਿਸ਼ਾਨੀ ਬਾਕੀ ਬਚੀ ਹੋ ਸਕਦੀ ਹੈ। ਇਨ੍ਹਾਂ ਪਿੰਡਾਂ ਦੀ ਜ਼ਮੀਨ ਵਿਚ ਹੋ ਸਕਦਾ ਹੁਣ ਕੁਝ ਡੇਰੇ ਜਾਂ ਢਾਣੀਆਂ ਵੱਸਦੀਆਂ ਹੋਣ। ਥੋੜੀ-ਬਹੁਤੀ ਵੱਸੋਂ ਦੇ ਹੁੰਦਿਆਂ ਵੀ ਇਹ ਪਿੰਡ ਆਪਣੀ ਸੁਤੰਤਰ ਪਹਿਚਾਣ ਗਵਾ ਚੁੱਕੇ ਹਨ। ਇਸ ਸੂਚੀ ਤਹਿਤ ਸਾਰੇ ਪਿੰਡਾਂ ਦੀ ਨਿਸ਼ਾਨਦੇਹੀ ਕਰਨੀ ਅਜੇ ਬਾਕੀ ਹੈ। ਇਨ੍ਹਾਂ ਦਾ ਵੇਰਵਾ ਦਿੰਦਿਆਂ ਨਾਲ ਲਗਦੇ ਪਿੰਡ ਦਾ ਨਾਮ ਵੀ ਨਾਲ ਲਿਖਿਆ ਹੈ, ਜਿਸ ਨੇ ਇਸ ਪਿੰਡ ਦੇ ਵਸਨੀਕਾਂ ਨੂੰ ਸਦਾ ਲਈ ਆਪਣੇ ਕਲਾਵੇ ਵਿਚ ਲੈ ਲਿਆ ਸੀ।
1)ਜਲਾਲਪੁਰ ਸਠਿਆਲਾ, ਬਾਬਾ ਬਕਾਲਾ
2)ਚੱਕ ਠੱਠੀਆਂ (ਸਠਿਆਲਾ) ਬਾਬਾ ਬਕਾਲਾ
3)ਮਿਆਣੀ (ਸ਼ੇਰੋਂ ਬਾਘਾ/ਜੋਧੇ) ਬਾਬਾ ਬਕਾਲਾ
ਵਿਕਰਾਲ ਹਾਲਤਾਂ ਵਿਚ ਉੱਜੜੇ ਪਿੰਡ—
ਇਸ ਸ਼੍ਰੇਣੀ ਤਹਿਤ ਉਹ ਪਿੰਡ ਆਉਂਦੇ ਹਨ, ਜੋ ਭਿਆਨਕ ਹਾਲਤਾਂ ਵਿਚ ਸਦਾ ਲਈ ਇਸ ਧਰਤੀ ਤੋਂ ਖਤਮ ਹੋ ਗਏ, ਇਨ੍ਹਾਂ ਦਾ ਨਾਮ ਕਾਗਜ਼ਾਂ ਵਿੱਚੋਂ ਵੀ ਗ਼ੈਰ-ਹਾਜ਼ਰ ਹੈ। ਇਨ੍ਹਾਂ ਦੀ ਜ਼ਮੀਨ ਦੀ ਮਲਕੀਅਤ ਦਾ ਵੇਰਵਾ ਵੀ ਨਾਲ ਲੱਗਦੇ ਪਿੰਡਾਂ ਦੇ ਨਾਮ ਹੇਠ ਦਰਜ ਹੈ। ਇਨ੍ਹਾਂ ਪਿੰਡਾਂ ਦਾ ਕੇਵਲ ਨਾਮ ਮੌਜੂਦ ਹੈ, ਜੋ ਕਰੀਬੀ ਪਿੰਡਾਂ ਦੇ ਲੋਕ ਆਮ ਬੋਲ-ਚਾਲ ਵਿਚ ਵਰਤਦੇ ਰਹਿੰਦੇ ਹਨ। ਇਨ੍ਹਾਂ ਪਿੰਡਾਂ ਦੀ ਹੋਂਦ ਵੀਹ ਵਿਸਵੇ ਅੰਗਰੇਜ਼ੀ ਰਾਜ ਤੋਂ ਪਹਿਲਾਂ ਹੋਈ ਹੋਵੇਗੀ, ਤਾਂ ਹੀ ਇਨ੍ਹਾਂ ਦਾ ਨਾਮ ਕਿਸੇ ਹੱਦਬਸਤ ਨੰਬਰ ਵਿਚ ਦਰਜ ਨਹੀਂ ਹੈ। ਇਨ੍ਹਾਂ ਪਿੰਡਾਂ ਦੇ ਖਤਮ ਹੋਣ ਦੀ ਕਹਾਣੀ ਹੋ ਸਕਦਾ ਅਜੇ ਵੀ ਪਿੰਡ ਦੇ ਪੁਰਾਣੇ ਬਜ਼ੁਰਗ ਜਾਣਦੇ ਹੋਣ ਜਾ ਕੋਈ ਅੱਧਾ-ਅਧੂਰਾ ਇਤਿਹਾਸ ਬੁੱਲ੍ਹਾਂ ਤੇ ਸਫ਼ਰ ਕਰਦਾ ਹੋਇਆ ਪਿੰਡ ਦੇ ਲੋਕਾਂ ਕੋਲ ਪਹੁੰਚਿਆ ਹੋਵੇ। ਇਸ ਦੇ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦਾ ਇਕ ਪਿੰਡ ‘ਕਾਲੇਵਾਲ’ ਹੈ, ਜੋ ਕਿ ਤਹਿਸੀਲ ਬਾਬਾ ਬਕਾਲਾ ਦੇ ਪਿੰਡ ਸ਼ੇਰੋਂ ਬਾਘਾ/ਸ਼ੇਰੋਂ ਨਿਗਾਹ ਦੀ ਬੁੱਕਲ ਵਿਚ ਦਰਿਆ ਬਿਆਸ ਦੇ ਕੰਢੇ ਤੇ ਬੀਆਬਾਨ ਢਾਹੇ ਨੂੰ ਕਿਹਾ ਜਾਂਦਾ ਹੈ। ਏਥੇ ਇਕ ਨਿਸ਼ਾਨ ਸਾਹਿਬ ਮੌਜੂਦ ਹੈ। ਪਿੰਡ ਦੇ ਲੋਕਾਂ ਅਨੁਸਾਰ ਇਸ ਜਗਾ ਤੇ ਗੁਰੂ ਹਰਗੋਬਿੰਦ ਜੀ ਨੇ ਵਿਸ਼ਰਾਮ ਕੀਤਾ ਸੀ। ਨਿਗਾਹ ਕੇ ਪਾਸੇ ਦੇ ਚਾਹਲਾਂ ਨੇ ਰਾਤ ਨੂੰ ਗੁਰੂ ਸਾਬ ਦਾ ਘੋੜਾ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਉਹ ਰਾਤ ਦੇ ਹਨੇਰੇ ਵਿਚ ਉਹ ਘੋੜਾ ਚੋਰੀ ਕਰਨ ਲਈ ਆਏ ਤਾਂ ਗੁਰੂ ਜੀ ਜਾਗ ਪਏ। ਗੁਰੂ ਸਾਬ ਦਾ ਸਾਹਮਣਾ ਹੁੰਦੇ ਹੀ, ਨਿਗਾਹੀਏ ਬਹੁਤ ਸ਼ਰਮਿੰਦੇ ਹੋਏ। ਗੁਰੂ ਸਾਬ ਨੇ ਉਨ੍ਹਾਂ ਨੂੰ ਉਜੜਦੇ ਰਹਿਣ ਦਾ ਸਰਾਪ ਦਿੱਤਾ। ਪਤਾ ਨਹੀਂ ਇਹ ਗੱਲ ਸੱਚ ਹੈ ਕਿ ਨਹੀਂ। ਪਤਾ ਨਹੀਂ ਇਹ ਕਿਸੇ ਸਰਾਪ ਕਰਕੇ ਵਾਪਰ ਰਿਹਾ ਹੈ, ਪਰ ਸ਼ੇਰੋਂ ਬਾਘਾ ਦੇ ਮੁਕਾਬਲੇ ਸ਼ੇਰੋਂ ਨਿਗਾਹ ਵਿਚ ਬਹੁਤ ਸਾਰੇ ਘਰ ਖਾਲੀ ਪਏ ਹੋਏ ਹਨ। ਲੋਕਾਂ ਵੱਲੋਂ ਪਿੰਡ ਛੱਡ ਕੇ ਦੂਸਰੇ ਪਿੰਡਾਂ/ਸ਼ਹਿਰਾਂ ਵਿਚ ਵੱਸਣ ਦਾ ਰੁਝਾਣ ਇਸ ਪਿੰਡ ਵਿਚ ਆਮ ਹੀ ਪਾਇਆ ਜਾਂਦਾ ਹੈ। ਕਾਲੇਆਲ ਢਾਹੇ ਦੇ ਪੈਰਾਂ ਵਿਚ ਇਕ ਪਾਣੀ ਦਾ ਸਦੀਵੀ ਛੱਪੜ ਵੀ ਹੈ, ਜਿਸ ਨੂੰ ਕਾਲੇਆਲ ਡੁੰਮ੍ਹ ਕਿਹਾ ਜਾਂਦਾ ਹੈ। ਵਿਕਰਾਲ ਹਾਲਤਾਂ ਵਿਚ ਉੱਜੜੇ ਪਿੰਡਾਂ ਦੇ ਕਈ ਕਾਰਨ ਹੋ ਸਕਦੇ ਹਨ। ਪਾਣੀ ਦੀ ਕਿੱਲਤ, ਕੋਈ ਮਹਾਂਮਾਰੀ, ਦਰਿਆ ਦਾ ਵਹਿਣ, ਆਪਸੀ ਲੜਾਈ, ਹੜ ਜਾਂ ਭੁਚਾਲ਼ ਵਰਗੀ ਕੁਦਰਤੀ ਆਫ਼ਤ ਆਦਿ ਨਾਲ ਵੀ ਇਹਨਾਂ ਪਿੰਡਾਂ ਦਾ ਨਾਮੋ-ਨਿਸ਼ਾਨ ਮਿਟਿਆ ਹੋਵੇਗਾ। ਬੇਚਿਰਾਗ਼ ਪਿੰਡਾਂ ਬਾਰੇ ਇਹ ਜਾਣਕਾਰੀ ਬਹੁਤ ਸੀਮਤ ਹੈ। ਇਹ ਜਾਣਕਾਰੀ ਅਧੂਰੀ ਅਤੇ ਗੈਰ-ਪ੍ਰਮਾਣਿਕ ਵੀ ਹੋ ਸਕਦੀ ਹੈ। ਪਰ ਬੇਚਿਰਾਗ਼ ਪਿੰਡਾਂ ਦਾ ਪੂਰਾ ਇਤਿਹਾਸ ਕਲਮਬੱਧ ਕਰਨ ਦੀ ਲੋੜ ਹੈ। ਅਜੇ ਵੀ ਕੁਝ ਬਜ਼ੁਰਗ ਜਿਊਂਦੇ ਹਨ, ਜੋ ਇਨ੍ਹਾਂ ਪਿੰਡਾਂ ਦਾ ਇਤਿਹਾਸ ਲਿਖਾ ਸਕਦੇ ਹਨ।
1)ਕਾਲੇਵਾਲ (ਬਾਬਾ ਬਕਾਲਾ) ਸ਼ੇਰੋਂ ਬਾਘਾ/ਸ਼ੇਰੋਂ ਨਿਗਾਹ
—ਸਰਬਜੀਤ ਸੋਹੀ, ਆਸਟ੍ਰੇਲੀਆ