ਕਿਸਾਨ ਆਗੂਆਂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਕੇਂਦਰ ਸਰਕਾਰ ਉਤੇ ਕਿਸਾਨੀ ਮੰਗਾਂ ਮਨਵਾਉਣ ਦਾ ਦਬਾਅ ਪਾਉਣ ਲਈ 10 ਮਾਰਚ ਨੂੰ ਦੇਸ਼ ਵਿੱਚ ਚਾਰ ਘੰਟੇ ‘ਰੇਲ ਰੋਕੋ’ ਦਾ ਐਲਾਨ ਕੀਤਾ ਅਤੇ ਦੇਸ਼ ਦੇ ਕਿਸਾਨਾਂ ਨੂੰ ਵਿਰੋਧ ਪ੍ਰਦਰਸ਼ਨਾਂ ਲਈ 6 ਮਾਰਚ ਨੂੰ ‘ਦਿੱਲੀ ਚੱਲੋ’ ਦਾ ਸੱਦਾ ਦਿੱਤਾ।
ਉਨ੍ਹਾਂ ਐਲਾਨ ਕੀਤਾ ਕਿ 6 ਮਾਰਚ ਨੂੰ ਪੰਜਾਬ ਤੇ ਹਰਿਆਣਾ ਨੂੰ ਛੱਡ ਕੇ ਦੇਸ਼ ਦੇ ਬਾਕੀ ਹਿੱਸਿਆਂ ਤੋਂ ਲੋਕ ਪੈਦਲ, ਬੱਸਾਂ ਅਤੇ ਰੇਲ ਗੱਡੀਆਂ ਰਾਹੀਂ ਕੌਮੀ ਰਾਜਧਾਨੀ ਦਿੱਲੀ ਪਹੁੰਚਣਗੇ ਜਦੋਂਕਿ ਖਨੌਰੀ ਅਤੇ ਸ਼ੰਭੂ ਬਾਰਡਰਾਂ ’ਤੇ ਅੰਦੋਲਨ ਇਸੇ ਤਰ੍ਹਾਂ ਜਾਰੀ ਰਹਿਣਗੇ ਅਤੇ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ 10 ਮਾਰਚ ਨੂੰ 12 ਵਜੇ ਤੋਂ 4 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਮੌਜੂਦਾ ਪ੍ਰਦਰਸ਼ਨ ਵਾਲੀਆਂ ਥਾਵਾਂ ਉਤੇ ਕਿਸਾਨਾਂ ਦਾ ਅੰਦੋਲਨ ਤੇਜ਼ ਕੀਤਾ ਜਾਵੇਗਾ ਅਤੇ ਇਹ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਖਨੌਰੀ ਤੇ ਸ਼ੰਭੂ ਬਾਰਡਰਾਂ ਉਤੇ ਕਿਸਾਨ ਡਟੇ ਰਹਿਣਗੇ ਅਤੇ ਦਿੱਲੀ ਵੱਲ ਵਧਣ ਦਾ ਯਤਨ ਨਹੀਂ ਕਰਨਗੇ। ਇਨ੍ਹਾਂ ਬਾਰਡਰਾਂ ਉਤੇ ਕਿਸਾਨਾਂ ਦੀ ਗਿਣਤੀ ਵਧਾ ਕੇ ਦੁੱਗਣੀ-ਤਿੱਗਣੀ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਡੱਬਵਾਲੀ ਬਾਰਡਰ ’ਤੇ ਵੀ ਧਰਨਾ ਮਾਰਿਆ ਜਾਵੇਗਾ। ਇਹ ਕਾਰਵਾਈ ਪੂਰੀ ਤਰ੍ਹਾਂ ਸ਼ਾਂਤਮਈ ਰਹੇਗੀ। ਜੇਕਰ ਸਰਕਾਰ ਨੇ ਨਾ ਰੋਕਿਆ ਤਾਂ ਕਿਸਾਨ ਦਿੱਲੀ ਵੱਲ ਕੂਚ ਜ਼ਰੂਰ ਕਰਨਗੇ ਪਰ ਜੇਕਰ ਰੋਕਾਂ ਲਗਾਈਆਂ ਗਈਆਂ ਤਾਂ ਕਿਸਾਨ ਸ਼ਾਂਤਮਈ ਢੰਗ ਨਾਲ ਉੱਥੇ ਹੀ ਪੱਕਾ ਮੋਰਚਾ ਲਗਾ ਕੇ ਬੈਠ ਜਾਣਗੇ। ਆਗੂਆਂ ਦਾ ਕਹਿਣਾ ਸੀ ਕਿ ਕਿਸਾਨਾਂ ਨੇ ਫੈਸਲਾ ਲਿਆ ਹੈ ਕਿ ਜਿੰਨਾ ਚਿਰ ਹਕੂਮਤ ਜਬਰ ਨਹੀਂ ਰੋਕਦੀ, ਉਦੋਂ ਤੱਕ ਕਿਸਾਨ ਸ਼ੰਭੂ, ਢਾਬੀਗੁੱਜਰਾਂ ਅਤੇ ਡੱਬਵਾਲੀ ਬਾਰਡਰਾਂ ’ਤੇ ਸ਼ਾਂਤਮਈ ਧਰਨੇ ਜਾਰੀ ਰੱਖਦੇ ਹੋਏ ਆਪਣਾ ਸੰਘਰਸ਼ ਜਾਰੀ ਰੱਖਣਗੇ। ਇਸ ਦੌਰਾਨ ਇਨ੍ਹਾਂ ਧਰਨਿਆਂ ’ਚ ਕਿਸਾਨਾਂ ਦੀ ਗਿਣਤੀ ਦੁੱਗਣੀ-ਤਿੱਗਣੀ ਕਰ ਕੇ ਇੱਕ ਲੱਖ ਤੋਂ ਵੀ ਉੱਪਰ ਟਪਾਈ ਜਾਵੇਗੀ।