ਸੂਬਾ ਸਰਕਾਰ ਨੇ ਅੱਜ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਪੀ.ਸੀ.ਐੱਮ.ਐੱਸ.ਏ.) ਦੀਆਂ ਕਈ ਮੰਗਾਂ ਨੂੰ ਮੰਨਣ ਲਈ ਸਿਧਾਂਤਕ ਤੌਰ ‘ਤੇ ਸਹਿਮਤੀ ਦੇ ਦਿੱਤੀ ਹੈ, ਜਿਸ ਵਿੱਚ ਐਸ਼ੋਰਡ ਕਰੀਅਰ ਪ੍ਰੋਗਰੇਸ਼ਨ ਸਕੀਮ (ਏ.ਸੀ.ਪੀ.) ਦੀ ਬਹਾਲੀ ਅਤੇ ਸਿਹਤ ਸੰਭਾਲ ਕਰਮਚਾਰੀਆਂ ਦੀ ਸੁਰੱਖਿਆ ਸ਼ਾਮਲ ਹੈ। ਹਾਲਾਂਕਿ, ਐਸੋਸੀਏਸ਼ਨ ਨੇ ਰਾਜ ਸਰਕਾਰ ਦੁਆਰਾ ਮੰਗਾਂ ਨੂੰ ਸਵੀਕਾਰ ਕਰਨ ਲਈ ਰਸਮੀ ਸੰਚਾਰ ਜਾਰੀ ਹੋਣ ਤੱਕ ਹੜਤਾਲ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।
ਪੀ.ਸੀ.ਐਮ.ਐਸ.ਏ. ਦੇ ਨੁਮਾਇੰਦਿਆਂ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਸਮੇਤ ਕੈਬਨਿਟ ਸਬ-ਕਮੇਟੀ ਦੀ ਅੱਜ ਚੰਡੀਗੜ੍ਹ ਵਿਖੇ ਮੀਟਿੰਗ ਹੋਈ, ਜਿੱਥੇ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਸੂਬਾ ਸਰਕਾਰ ਨੇ ਐਸੋਸੀਏਸ਼ਨ ਦੀ ਮੰਗ ਅਨੁਸਾਰ ਡਾਕਟਰਾਂ ਦੀ ਭਰਤੀ ਲਈ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਰਾਜ ਵਿੱਚ ਡਾਕਟਰਾਂ ਦੀ ਮੌਜੂਦਾ ਗਿਣਤੀ 4,600 ਦੀ ਪ੍ਰਵਾਨਿਤ ਗਿਣਤੀ ਦੇ ਮੁਕਾਬਲੇ 2,800 ਹੈ।