ਨਗਰ ਦੇ ਸੇਕ ਤੋਂ ਅਪਣੇ ਗਰਾਂ ਦੀ ਛਾਂ ਤੀਕਰ
ਮੈਂ ਸੁਪਨਿਆਂ ਨੂੰ ਜਗਾਉਂਦਾ ਹਾਂ ਸੁਪਨਿਆਂ ਤੀਕਰ
ਸਫ਼ਰ ਹਯਾਤ ਦਾ ਚਲਦਾ ਹੈ ਦਾਇਰੇ ਅੰਦਰ
ਘਰਾਂ ਤੋਂ ਚੱਲਣਾ, ਪੁੱਜਣ ਲਈ ‘ਘਰਾਂ’ ਤੀਕਰ
ਤਲਾਸ਼ ਸ਼ਹਿਰ ਦੀ ਚੱਲੀ ਸੀ ਜੰਗਲਾਂ ਵਿੱਚੋਂ
ਤਲਾਸ਼ ਸ਼ਹਿਰ ਦੀ ਪੁੱਜੀ ਹੈ ਜੰਗਲਾਂ ਤੀਕਰ
ਅਸਾਂ ਹਯਾਤ ਦੇ ਖੰਭਾਂ ਨੂੰ ਬੰਨ੍ਹ ਕੇ ਪੱਥਰ
ਉਡਾਇਆ ਉਸ ਨੂੰ ਖ਼ਲਾਵਾਂ ਤੋਂ ਪਿੰਜਰਿਆਂ ਤੀਕਰ
ਖਿੰਡੇ ਹੋਏ ਨੇ ਅਸਾਡੇ ਹੀ ਖ਼ਾਬ ਦੇ ਟੁਕੜੇ
ਥਲਾਂ ਦੀ ਰੇਤ ਤੋਂ ਦਰਿਆ ਦੇ ਪਾਣੀਆਂ ਤੀਕਰ
ਮੈਂ ਹਰ ਮੁਕਾਮ ਤੇ ਕਿਰ ਕਿਰ ਕੇ ਤੇਰੇ ਤਕ ਪਹੁੰਚਾਂ
ਧੁਨੀ ਤੋਂ ਲਫ਼ਜ਼ ਤੇ ਲਫ਼ਜ਼ਾਂ ਤੋਂ ਫਿਕਰਿਆਂ ਤੀਕਰ
ਬਲੀ ਹੈ ਅੱਗ ਮੇਰੇ ਪੈਰਾਂ ਚ, ਜ਼ਿਹਨ ਅੰਦਰ ਵੀ
ਸਿਮਟ ਹੀ ਆਉਣਗੇ ਅੰਬਰ ਮੇਰੇ ਪਰਾਂ ਤੀਕਰ
___ ਜਸਪਾਲ ਘਈ
نگر دے سیک توں اپنے گراں دی چھاں تیکر
میں سپنیاں نوں جگاؤندا ہاں سپنیاں تیکر
سفر حیات دا چلدا ہے دائرے اندر
گھراں توں چلّنا پہنچن لئی گھراں تیکر
تلاش شہر دی چلّی سی جنگلاں وِچّوں
تلاش شہر دی پُجّی ہے جنگلاں تیکر
اساں حیات دے کھمباں نوں بنھ کے پتھر
اُڑایا اس نوں خلاواں توں پنجریاں تیکر
کِھنڈے ہوئے نے اساڈے ہی خواب دے ٹکڑے
تھلاں دی ریت توں دریا دے پانیاں تیکر
میں ہر مقام تے کِر کِر کے ترے تک پہنچاں
دُھنی توں لفظ تے لفظاں تون فقریاں تیکر
بلی ہے اگ مرے پیراں چ، ذہن اندر وی
سمٹ ہی آؤن گے امبر مرے پراں تیکر
— جسپال گھئی