ਇਸ ਧਰਤੀ ਉੱਤੇ ਔਰਤਾਂ ਵੱਲੋਂ ਬਰਾਬਰੀ ਲਈ ਸਦੀਆਂ ਤੋਂ ਜਦੋ-ਜਹਿਦ ਚੱਲਦੀ ਆ ਰਹੀ ਹੈ। ਨਾਰੀਤਵ ਦੇ ਮਾਣ, ਮੁਕਤੀ ਅਤੇ ਆਜ਼ਾਦੀ ਲਈ ਲੜਦੀਆਂ ਲੱਖਾਂ ਹੀ ਔਰਤਾਂ, ਹੁਣ ਤੀਕ ਪਿਤਰਕੀ ਸੱਤਾ ਦੇ ਕੋਹਲੂ ਵਿਚ ਪੀੜੀਆਂ ਗਈਆਂ ਹਨ। ਜਿੰਨੀ ਕੁ ਵੀ ਆਜ਼ਾਦੀ ਅੱਜ ਦੀਆਂ ਔਰਤਾਂ ਮਾਣ ਰਹੀਆਂ ਹਨ, ਇਹ ਆਪਾ ਵਾਰਨ ਵਾਲੀਆਂ ਕੁਝ ਖ਼ੁਦਦਾਰ ਅਤੇ ਬਹਾਦਰ ਔਰਤਾਂ ਦੀਆਂ ਕੁਰਬਾਨੀਆਂ ਕਰਕੇ ਹੀ ਸੰਭਵ ਹੋਇਆ ਹੈ। ਔਰਤ ਵੱਲੋਂ ਮਰਜ਼ੀ ਨਾਲ ਤਲਾਕ ਲੈਣ ਅਤੇ ਬੱਚਿਆਂ ਦੀ ਸਰਪ੍ਰਸਤੀ ਦਾ ਹੱਕ ਸਾਡੇ ਸਮਾਜ ਅਤੇ ਸੰਵਿਧਾਨ ਨੇ ਕੋਈ ਜਲਦੀ ਪ੍ਰਵਾਨ ਨਹੀਂ ਕਰ ਲਿਆ ਸੀ। ਇਸ ਅਧਿਕਾਰ ਲਈ ਵੀ ਲੰਬੀਆਂ ਲੜਾਈਆਂ ਲੜੀਆਂ ਗਈਆਂ ਹਨ। ਬੜੇ ਵਿਰੋਧਾਂ ਵਿਚ ਦੀ ਲੰਘਦਿਆਂ ਕੁੱਝ ਦਲੇਰ ਅਤੇ ਜਾਗ੍ਰਿਤ ਔਰਤਾਂ ਦੀ ਬਦੌਲਤ ਅਲੱਗ ਰਹਿਣ, ਤਲਾਕ ਲੈਣ ਅਤੇ ਬੱਚਿਆਂ ਦੀ ਨਿਗਰਾਨੀ ਸਬੰਧੀ ਕਾਨੂੰਨ ਬਣਾਏ ਗਏ ਸਨ। ਸਾਡੇ ਧਾਰਮਿਕ ਗ੍ਰੰਥਾਂ ਅਤੇ ਪੁਰਾਤਨ ਲਿਖਤਾਂ ਵਿਚ ਪਤੀ ਵੱਲੋਂ ਤਿਆਗੀ ਹੋਈ ਔਰਤ ਅਤੇ ਉੱਧਲ਼ੀ ਹੋਈ ਇਸਤਰੀ ਬਾਰੇ ਬਹੁਤ ਸਾਰੇ ਹਵਾਲੇ ਸਾਡੇ ਖ਼ਿੱਤੇ ਦੀ ਔਰਤ ਪ੍ਰਤੀ ਦਕਿਆਨੂਸੀ ਸੋਚ ਨੂੰ ਹੀ ਪੇਸ਼ ਕਰਦੇ ਹਨ। ਗੁਰਬਾਣੀ ਵਿਚ ਲਿਖੀ ਇਕ ਪਵਿੱਤਰ ਪੰਕਤੀ ਅਸੀਂ ਉਦਹਾਰਨ ਦੇ ਦੇ ਕੇ ਘਸਾ ਦਿੱਤੀ ਹੈ, ਪਰ ਇਹ ਤਲਖ਼ ਹਕੀਕਤ ਹੈ ਕਿ ਗੁਰੂ-ਕਾਲ ਵਿਚ ਵੀ ਔਰਤ (ਮਹਿਲ) ਤੋਂ (ਮਹਲੇ) ਤੀਕ ਪਹੁੰਚਣ ਦਾ ਮਾਣ ਹਾਸਲ ਨਹੀਂ ਕਰ ਸਕੀ। ਜਿੱਥੇ ਵੀ ਧਰਮ ਦਾ ਜ਼ਿਆਦਾ ਬੋਲਬਾਲਾ ਹੈ, ਉਸ ਸਮਾਜ ਵਿਚ ਔਰਤ ਓਨੀ ਹੀ ਜ਼ਿਆਦਾ ਗ਼ੁਲਾਮੀ ਅਤੇ ਗ਼ਲਾਜ਼ਤ ਭਰੀ ਜ਼ਿੰਦਗੀ ਜੀਅ ਰਹੀ ਹੈ। ਇਸਲਾਮਿਕ ਔਰਤਾਂ ਤਾਂ ਅਜੇ ਮਰਦ ਵੱਲੋਂ ਦਿੱਤੇ ਜਾਣ ਵਾਲੇ ਤਿੰਨ ਤਲਾਕ ਖ਼ਿਲਾਫ਼ ਹੀ ਲੜਦੀਆਂ ਪਈਆਂ ਹਨ, ਮੁਸਲਿਮ ਔਰਤ ਵੱਲੋਂ ਆਪਣੀ ਮਰਜ਼ੀ ਨਾਲ ਮਰਦ ਨੂੰ ਤਲਾਕ ਦੇਣ ਦੇ ਹੱਕ ਵਾਸਤੇ ਤਾਂ ਉਨ੍ਹਾਂ ਨੇ ਅਜੇ ਲੜਣਾ ਹੈ। ਬੁਰਕਿਆਂ ਬਾਰੇ ਬੋਲਦਿਆਂ ਅਫ਼ਗਾਨੀ ਔਰਤਾਂ ਕਹਿੰਦੀਆਂ ਹਨ ਕਿ ਤਾਲਿਬਾਨ ਸਾਨੂੰ ਬੁਰਕੇ ਪਵਾਉਂਦੇ ਹਨ, ਪਰ ਸਾਡੀਆਂ ਸੁੱਥਣਾਂ ਲਾਹੁੰਦੇ ਹਨ। ਸ਼ਰੀਅਤ ਅਨੁਸਾਰ ਇਕ ਮੁਸਲਮਾਨ ਮਰਦ ਚਾਰ ਪਤਨੀਆਂ ਰੱਖ ਸਕਦਾ ਹੈ, ਪਰ ਅਰਬ ਦੇਸ਼ਾਂ ਵਿਚ ਕੋਈ ਔਰਤ ਚਾਰ ਪਤੀ/ਪ੍ਰੇਮੀ ਤਾਂ ਦੂਰ ਦੀ ਗੱਲ ਇਕ ਮਰਦ ਦੋਸਤ ਨਾਲ ਕੈਫੇ ਵਿਚ ਬਹਿ ਕੇ ਚਾਹ ਵੀ ਨਹੀਂ ਪੀ ਸਕਦੀ। ਭਾਰਤੀ ਅਰਧ ਜਗੀਰੂ ਸਮਾਜ ਵਿਚ ਔਰਤ ਦੀ ਜ਼ਿੰਦਗੀ ਐਨੀ ਬਦਤਰ ਤਾਂ ਨਹੀਂ, ਪਰ ਬਹੁਤੀ ਬਿਹਤਰ ਵੀ ਨਹੀਂ। ਸਾਡੀਆਂ ਔਰਤਾਂ ਦਾ ਪਰਿਵਾਰਕ ਜੀਵਨ ਕਾਫੀ ਹੱਦ ਤੀਕ ਸਮਝੋਤਿਆਂ, ਤਾਬਿਆਦਾਰੀ ਅਤੇ ਤੁਸ਼ਟੀਕਰਨ ਵਿਚ ਗੁਜ਼ਰਦਾ ਹੈ। ਚਾਰ ਜਾਂ ਸੱਤ ਭੁਆਂਟਣੀਆਂ ਵਿਚ ਸਿਰਫ਼ ਗਿਣਤੀ ਦਾ ਹੀ ਅੰਤਰ ਹੈ, ਵਿਆਹੁਤਾ ਔਰਤਾਂ ਦੀ ਹੁਣ ਅਤੇ ਹੋਣੀ ਦੋਵਾਂ ਹੀ ਰਸਮਾਂ ਤੋਂ ਬਾਅਦ ਕਾਫੀ ਹੱਦ ਤੀਕ ਸਿਰ ਦੇ ਸਾਈਆਂ ਦੇ ਨਜ਼ਰੀਏ ਨਾਲ ਹੀ ਮੁਕਰੱਰ ਹੁੰਦੀ ਹੈ। ਸਾਡੇ ਸਮਾਜ ਵਿਚ ਤਲਾਕ ਸ਼ਬਦ ਦੇ ਅਰਥ ਔਰਤ ਅਤੇ ਮਰਦ ਲਈ ਅਲੱਗ ਅਲੱਗ ਹਨ। ਮਰਦ ਨੂੰ ਜਿਸ ਖੇਡ ਵਿੱਚੋਂ ‘ਨਹਾਤਾ ਘੋੜਾ’ ਹੋਣ ਦਾ ਖ਼ਿਤਾਬ ਮਿਲਦਾ ਹੈ, ਔਰਤ ਉਸੇ ਸੰਬੰਧ ਵਿੱਚੋਂ ਦਾਗ਼ਦਾਰ ਹੋ ਕੇ ਨਿਕਲਦੀ ਹੈ।
—ਸਾਡੇ ਸਮਾਜ ਵਿਚ ਡਾਈਵੋਰਸੀ ਔਰਤ ਨੂੰ ਛੁੱਟੜ ਕਹਿ ਕੇ ਛੁਟਿਆਇਆ ਜਾਂਦਾ ਹੈ। ਤਾਅਲੁਕ ਤੋਂ ਲੈ ਕੇ ਤਲਾਕ ਤੀਕ ਬਹੁਤੀਆਂ ਔਰਤਾਂ ਮਾਨਸਿਕ, ਸਰੀਰਕ ਅਤੇ ਸਮਾਜਿਕ ਅੱਤਿਆਚਾਰ ਦੇ ਹੌਲਨਾਕ ਸਮਿਆਂ ਵਿਚ ਦੀ ਲੰਘਦੀਆਂ ਹਨ। ਭਾਵੇਂ ਕਈ ਔਰਤਾਂ ਆਪਣੇ ਇਕੱਲਪੁਣੇ ਅਤੇ ਤਲਾਕਸ਼ੁਦਾ ਜ਼ਿੰਦਗੀ ਨੂੰ ਬਿਹਤਰ ਦੱਸਣ ਲਈ ਜਨਤਕ ਮੀਡੀਆ ਰਾਹੀਂ ਆਜ਼ਾਦੀ ਦਾ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕਰਦੀਆਂ ਹਨ, ਪਰ ਅਸਲੀਅਤ ਵਿਚ ਉਹ ਆਪਣੇ ਜਾਣਕਾਰ ਦਾਇਰੇ ਵਿਚ ਰਹਿੰਦਿਆਂ ਕਈ ਤਰ੍ਹਾਂ ਦੀਆਂ ਸੀਮਾਵਾਂ ਅਤੇ ਸ਼ੰਕਿਆਂ ਵਿਚ ਘਿਰੀਆਂ ਰਹਿੰਦੀਆਂ ਹਨ। ਸਾਡੇ ਸਮਾਜ ਦਾ ਟੀਰ ਭਰਿਆ ਨਜ਼ਰੀਆ ਆਤਮ ਸਨਮਾਨ ਨਾਲ ਭਰੀ ਹੋਈ ਇਕੱਲੀ ਔਰਤ ਦਾ ਹੌਂਸਲਾ ਪਸਤ ਹੋਇਆ ਦੇਖਣਾ ਚਾਹੁੰਦਾ ਹੈ। ਇਸ ਤਰ੍ਹਾਂ ਦੇ ਘੋਰ ਵਿਰੋਧੀ ਵਰਤਾਰਿਆਂ ਵਿਚ ਬਹੁਤੀਆਂ ਔਰਤਾਂ ਹਥਿਆਰ ਸੁੱਟ ਦਿੰਦੀਆਂ ਹਨ। ਸਾਡੇ ਮੁਕਾਬਲੇ ਪੱਛਮੀ ਸਮਾਜ ਵਿਚ (ਵਿਆਹ) ਨਾ ਕੋਈ ਪਵਿੱਤਰ ਬੰਧਨ ਹੈ ਤੇ ਨਾ ਹੀ (ਤਲਾਕ) ਕੋਈ ਕਲੰਕ ਵਰਗੀ ਅਵਸਥਾ ਹੈ। ਭਾਰਤ ਵਿਚ ਹੀ ਨਹੀਂ, ਪਰਵਾਸ ਵਿਚ ਆ ਕੇ ਵੀ ‘ਧੁਰੋਂ ਪਏ ਸੰਜੋਗਾਂ’ ਦੀ ਧਾਰਨਾ ਤਹਿਤ ਜ਼ਿੰਦਗੀ ਨੂੰ ਧੂਹੀ ਫਿਰਨ ਵਾਲੀਆਂ ਭਾਰਤੀ ਔਰਤਾਂ ਦੀ ਇੱਥੇ ਕੋਈ ਕਮੀ ਨਹੀਂ। ਬਹੁਤੀ ਵਾਰ ਬੱਚਿਆਂ ਦੀ ਪਰਵਰਿਸ਼, ਮਾਪਿਆਂ ਦੀ ਅਖੌਤੀ ਇੱਜ਼ਤ/ਅਣਖ, ਸਮਾਜਿਕ ਦਬਾਅ ਅਤੇ ਸਮਝੌਤਾਵਾਦੀ ਪਹੁੰਚ ਤਹਿਤ ‘ਤਲਾਕ’ ਨਾਲ਼ੋਂ ਉਹ ‘ਤਾਅਲੁਕ’ ਦਾ ਨਰਕ ਹੰਢਾਉਂਦੀਆਂ ਪਲ ਪਲ ਮਰਦੀਆਂ ਰਹਿੰਦੀਆਂ ਹਨ। ਸਾਡੇ ਦੇਸ਼ ਦਾ ਇਤਿਹਾਸ ਰਾਣੀਆਂ, ਰਖੇਲਾਂ, ਦਾਸੀਆਂ, ਦੇਵਦਾਸੀਆਂ ਦੀ ਗੁਲਾਮੀ ਭਰੇ ਜੀਵਨ ਦੇ ਹਵਾਲਿਆਂ ਨਾਲ ਭਰਿਆ ਪਿਆ ਹੈ, ਐਪਰ ਕਿਤੇ ਵੀ ਵਿਆਹ, ਤਲਾਕ, ਅਲੱਗਤਾ ਅਤੇ ਬੱਚਿਆਂ ਦੀ ਸਰਪ੍ਰਸਤੀ ਬਾਰੇ ਜਗੀਰੂ ਧਾਰਨਾਵਾਂ ਅਤੇ ਮਰਦ ਪ੍ਰਧਾਨ ਵਿਵਸਥਾ ਨੂੰ ਵੰਗਾਰਦਿਆਂ ਕਿਸੇ ਔਰਤ ਪੱਖੀ ਕਾਨੂੰਨ ਲਈ ਪਹਿਲ ਕਰਨ ਵਾਲੀ ਇਸਤਰੀ ਦੀ ਕੋਈ ਉਦਹਾਰਨ ਨਹੀਂ ਮਿਲਦੀ।
—ਸਰਬਜੀਤ ਸੋਹੀ, ਆਸਟ੍ਰੇਲੀਆ