ਧਰਤੀ ਦੀਆਂ ਭੂਗੋਲਿਕ ਹਾਲਤਾਂ ਅਤੇ ਸੂਰਜ ਦੁਆਲੇ ਇਸਦੇ ਚੱਕਰ ਲਾਉਂਦੇ ਰਹਿਣ ਨਾਲ ਰੁੱਤਾਂ, ਤਾਪਮਾਨ ਅਤੇ ਮੌਸਮ ਵਿੱਚ ਥੋੜੇ ਬਹੁਤੇ ਬਦਲਾਅ ਨਾਲ ਕਾਫ਼ੀ ਹੱਦ ਤੀਕ ਇਕਸਾਰਤਾ ਬਣੀ ਰਹਿੰਦੀ ਹੈ। ਕੁਦਰਤ ਦਾ ਇਹ ਪ੍ਰਵਾਹ ਇਸ ਧਰਤੀ ਦੇ ਮਨੁੱਖੀ ਇਤਿਹਾਸ ਵਿੱਚ ਏਦਾਂ ਹੀ ਚੱਲਦਾ ਆ ਰਿਹਾ ਹੈ। ਪਰ ਸੰਨ੍ਹ 1816 ਵਿਚ ਇਕ ਅਣੋਖਾ ਵਰਤਾਰਾ ਵਾਪਰਿਆ। ਉਸ ਸਾਲ ਗਰਮੀਆਂ ਦੀ ਰੁੱਤ ਧਰਤੀ ਦੇ ਇਕ ਵੱਡੇ ਹਿੱਸੇ ਵਿਚੋਂ ਅਲੋਪ ਹੀ ਗਈ। ਇਹ ਕੋਈ ਆਮ ਤਬਦੀਲੀ ਨਹੀਂ ਸੀ। ਉਸ ਸਾਲ ਗਰਮੀਆਂ ਵਿਚ ਹੀ ਲੋਹੜੇ ਦੀ ਠੰਡ ਪਈ ਅਤੇ ਪੂਰੀ ਧਰਤੀ ਲਈ ਇਹ ਸਾਲ ਵਿਨਾਸ਼ਕਾਰੀ ਸਿੱਧ ਹੋਇਆ। ਇਸ ਸਾਲ ਨੂੰ ਪੱਛਮੀ ਦੇਸ਼ਾਂ ਵਿਚ Year Without A Summer ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਮੌਜੂਦਾ ਇੰਡੋਨੇਸ਼ੀਆ ਜੋ ਕਿ ਉਸ ਵੇਲੇ ਡੱਚ ਈਸਟ ਇੰਡੀਜ਼ ਦੇ ਨਾਮ ਨਾਲ ਜਾਣਿਆ ਸੀ, ਉਸਦੇ ਸੰਭਾਵਾ ਟਾਪੂ ਤੇ ਪੈਂਦਾ Mount Tambora ਨਾਮ ਦਾ ਜਵਾਲਾਮੁਖੀ ਫਟਿਆ ਸੀ। ਇਸਦੇ ਫਟਣ ਨਾਲ ਬਹੁਤ ਵੱਡੀ ਮਾਤਰਾ ਵਿੱਚ ਧੂੰਆਂ ਅਤੇ ਸਵਾਹ ਪੂਰੇ ਵਾਯੂਮੰਡਲ ਵਿੱਚ ਫੈਲ ਗਈ। ਇਸ ਤੋਂ ਪਹਿਲਾਂ ਵੀ 1802 ਤੋਂ ਲੈ ਕੇ 1815 ਤੀਕ ਧਰਤੀ ਦੀਆਂ ਕੁਝ ਥਾਵਾਂ ਤੇ ਵੀ ਇਸ ਤਰ੍ਹਾਂ ਦੇ ਜਵਾਲਾਮੁਖੀ ਕਿਰਿਆਸ਼ੀਲ ਹੋਣ ਤੇ ਵਾਯੂਮੰਡਲ ਵਿੱਚ ਸਵਾਹ ਅਤੇ ਧੂੰਆਂ ਫੈਲਿਆ ਹੋਇਆ ਸੀ। ਪਰ Mount Tambora ਦੇ ਫਟਣ ਨਾਲ ਧਰਤੀ ਦੇ ਆਲੇ-ਦੁਆਲੇ ਧੂੰਏਂ ਅਤੇ ਗਰਦ ਦੀ ਇਕ ਸੰਘਣੀ ਪਰਤ ਬਣ ਗਈ। ਇਸਦਾ ਧਮਾਕਾ ਐਨਾ ਜ਼ਿਆਦਾ ਸ਼ਕਤੀਸ਼ਾਲੀ ਸੀ ਕਿ 3000 ਹਜ਼ਾਰ ਕਿੱਲੋਮੀਟਰਾਂ ਤੀਕ ਇਸਦਾ ਖੜਾਕ ਸੁਣਿਆ ਗਿਆ। ਇਹ ਪਰਬਤੀ ਚੋਟੀ ਜਵਾਲਾਮੁਖੀ ਧਮਾਕਾ ਹੋਣ ਤੋਂ ਪਹਿਲਾਂ 4300 ਮੀਟਰ ਉੱਚੀ ਸੀ, ਪਰ ਜਵਾਲਾਮੁਖੀ ਸ਼ਾਂਤ ਹੋਣ ਤੋਂ ਬਾਅਦ ਇਸਦੀ ਉਚਾਈ 2851 ਮੀਟਰ ਹੀ ਰਹਿ ਗਈ।
10 ਅਪ੍ਰੈਲ 1816 ਨੂੰ ਮਾਊਂਟ ਟੈਂਮਬੋਰਾ ਵਿਖੇ ਜਦੋਂ ਇਹ ਘਟਨਾ ਵਾਪਰੀ ਤਾਂ ਉਸ ਵੇਲੇ ਭਾਰਤ ਸਮੇਤ ਉੱਤਰੀ ਗੋਲੇ ਵਿੱਚ ਪੈਂਦੇ ਦੇਸ਼ਾਂ ਵਿੱਚ ਗਰਮੀ ਦੀ ਰੁੱਤ ਸ਼ੁਰੂ ਹੋਣ ਵਾਲੀ ਸੀ। ਭਾਰਤ ਸਮੇਤ ਕਈ ਦੇਸ਼ਾਂ ਵਿੱਚ ਮਾਨਸੂਨ ਦੀ ਆਮਦ ਲੇਟ ਹੋ ਗਈ। ਅਫ਼ਰੀਕਾ ਦੇ ਕਈ ਖੇਤਰਾਂ ਵਿੱਚ ਭਾਰੀ ਤੁਫ਼ਾਨ ਆਏ ਅਤੇ ਬਾਰਸ਼ ਹੋਈ। ਬੰਗਾਲ ਵਰਗੇ ਗਰਮ ਸੂਬੇ ਵਿੱਚ ਬਹੁਤ ਠੰਡ ਪਈ ਅਤੇ ਕੁਝ ਖੇਤਰਾਂ ਵਿੱਚ ਹੈਰਾਨੀਜਨਕ ਬਰਫਬਾਰੀ ਵੀ ਹੋਈ। ਕਨੇਡਾ ਅਤੇ ਅਮਰੀਕਾ ਵਿੱਚ ਕਿਤੇ ਸੰਘਣੀ ਧੁੰਦ ਪੈ ਗਈ ਅਤੇ ਕਿਤੇ ਕਈ ਕਈ ਦਿਨ ਰਾਤ ਹੀ ਪਈ ਰਹੀ। ਅਮਰੀਕਾ ਦੇ ਪੂਰਬੀ ਸ਼ਹਿਰਾਂ ਵਿੱਚ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ। ਗਰਮੀ ਨਾਲ ਪੱਕਣ ਵਾਲੀਆਂ ਫ਼ਸਲਾਂ ਨਸ਼ਟ ਹੋ ਗਈਆਂ ਅਤੇ ਅੰਨ ਦਾ ਕਾਲ ਪੈ ਗਿਆ। ਮੈਰੀਲੈਂਡ ਵਿੱਚ ਪੀਲ਼ੀ, ਨੀਲੀ ਅਤੇ ਭੂਰੇ ਰੰਗ ਦੀ ਬਰਫ਼ਬਾਰੀ ਹੋਈ। ਇਸ ਜਵਾਲਾਮੁਖੀ ਦੇ ਫਟਣ ਨਾਲ ਸਭ ਤੋਂ ਵੱਧ ਯੂਰਪ ਪ੍ਰਭਾਵਿਤ ਹੋਇਆ। ਨਪੋਲੀਅਨ ਨਾਲ ਹੋਏ ਯੁੱਧਾਂ ਕਾਰਨ ਯੂਰਪੀਅਨ ਅਰਥ ਵਿਵਸਥਾ ਪਹਿਲਾਂ ਹੀ ਭੰਨੀ ਹੋਈ ਸੀ। ਇੰਗਲੈਂਡ ਵਿੱਚ ਗਰਮੀਆਂ ਦਾ ਤਾਪਮਾਨ ਬਹੁਤ ਡਿੱਗ ਪਿਆ। ਭਾਰੀ ਬਾਰਿਸ਼ਾਂ ਹੋਈਆਂ ਤੇ ਅਣਕਿਆਸੀ ਬਰਫ਼ਬਾਰੀ ਹੋਈ। ਹੰਗਰੀ ਵਿੱਚ ਭੂਰੇ ਰੰਗ ਦੀ ਬਰਫ਼ ਪਈ। ਉੱਤਰੀ ਇਟਲੀ ਵਿੱਚ ਸਾਰਾ ਸਾਲ ਲਾਲ ਬਰਫ ਪੈਂਦੀ ਰਹੀ। ਸਵਿਟਜ਼ਰਲੈਂਡ ਵਿਚ ਹਾਲਾਤ ਹੋਰ ਵੀ ਭਿਆਨਕ ਸਨ। ਕਈਆਂ ਥਾਵਾਂ ਤੇ Food Riots ਵਾਪਰੇ ਅਤੇ ਖਾਣੇ ਦੀ ਕਮੀ ਕਾਰਨ ਬਹੁਤ ਲੋਕ ਮਾਰੇ ਗਏ। ਗਰਮੀਆਂ ਵਿੱਚ ਸਿਆਲ ਵਾਲਾ ਤਾਪਮਾਨ ਹੋ ਜਾਣ ਨਾਲ ਬਹੁਤ ਸਾਰੇ ਲੋਕ ਬੀਮਾਰੀਆਂ ਨਾਲ ਵੀ ਮਾਰੇ ਗਏ। ਇਹ ਮਨੁੱਖੀ ਇਤਿਹਾਸ ਵਿੱਚ ਮੌਸਮ ਅਤੇ ਰੁੱਤਾਂ ਦੇ ਕੁਦਰਤੀ ਪ੍ਰਵਾਹ ਵਿੱਚ ਸਭ ਤੋਂ ਵੱਡਾ ਉਲਟਫੇਰ ਸੀ।
ਸੰਨ੍ਹ 1816 ਵਿਚ ਗਰਮੀਆਂ ਦੀ ਰੁੱਤ ਆਦਿ ਕਾਲ ਦੇ ਬਰਫ਼ ਯੁੱਗ ਵਿਚ ਬਦਲ ਗਈ ਸੀ। ਇਸ ਅਚੰਭੇ ਵਾਲੇ ਵਰਤਾਰੇ ਕਾਰਨ ਇਸ ਸਾਲ ਬਾਰੇ ਕਈ ਰੋਚਕ ਕਹਾਣੀਆਂ ਪੜ੍ਹਣ ਨੂੰ ਮਿਲਦੀਆਂ ਹਨ। ਅੱਜ-ਕੱਲ੍ਹ ਗਲੋਬਲ ਵਾਰਮਿੰਗ ਤਹਿਤ 2-3 ਡਿਗਰੀ ਤਾਪਮਾਨ ਵੱਧ ਜਾਣ ਕਾਰਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਪੈਦਾ ਹੋਣ, ਬੰਗਲਾਦੇਸ਼, ਹਾਲੈਂਡ ਸਮੇਤ ਕਈ ਦੇਸ਼ਾਂ ਦੇ ਭੂ-ਭਾਗ ਡੁੱਬਣ ਦੀਆਂ ਪੇਸ਼ੀਨਗੋਈਆਂ ਕੀਤੀਆਂ ਜਾ ਰਹੀਆਂ ਹਨ। ਪਰ ਸੋਚ ਕੇ ਦੇਖੋ ਅਗਰ 1816 ਵਾਲੇ ਹਾਲਾਤ ਕਦੀ ਮੁੜ ਪੈਦਾ ਹੋ ਜਾਣ ਤਾਂ ਧਰਤੀ ਤੋਂ ਕੀ ਕੁਝ ਖਤਮ ਹੋ ਸਕਦਾ ਹੈ ? ਤਪਸ਼ ਵਧਣ ਜਾਂ ਤਪਸ਼ ਘਟਣ ਨਾਲ, ਦੋਵਾਂ ਹੀ ਹਾਲਤਾਂ ਵਿੱਚ ਮਨੁੱਖੀ ਜੀਵਨ ਲਈ ਬਹੁਤ ਵੱਡੀਆਂ ਚੁਣੌਤੀਆਂ ਪੈਦਾ ਹੋ ਸਕਦੀਆਂ ਹਨ। ਮੌਜੂਦਾ ਮੌਸਮ ਅਤੇ ਜਲਵਾਯੂ ਪ੍ਰਬੰਧ ਵਿੱਚ ਢਲਿਆ ਹੋਇਆ ਸਾਡਾ ਜੀਵਨ ਇਹੋ ਜਿਹੀਆਂ ਤਬਦੀਲੀਆਂ ਸਾਹਮਣੇ ਬਹੁਤ ਨਿਰਬਲ ਹੈ। ਇਸ ਗਰਮੀਆਂ ਰਹਿਤ ਸਾਲ ਨੇ ਜਿੱਥੇ ਪੂਰੇ ਵਿਸ਼ਵ ਨੂੰ ਹਿਲਾ ਕੇ ਰੱਖ ਦਿੱਤਾ, ਉਥੇ ਯੂਰਪੀਅਨ ਦੇਸ਼ਾਂ ਦੇ ਆਰਥਿਕ/ਰਾਜਨੀਤਕ ਪ੍ਰਬੰਧ ਤੇ ਬਹੁਤ ਗਹਿਰਾ ਅਸਰ ਪਾਇਆ।
—ਸਰਬਜੀਤ ਸੋਹੀ, ਆਸਟ੍ਰੇਲੀਆ
ਗਰਮੀ ਦੀ ਰੁੱਤ ਬਿਨਾ ਗੁਜ਼ਰਿਆ ਸਾਲ ??
