ਕਿਵੇਂ ਖੁੱਲ੍ਹਿਆ ਸੀ, ਸੋਵੀਅਤ ਮਿਗ-25 ਦਾ ਰਾਜ਼ ?
ਪਿਛਲੇ ਦਿਨੀ ਰੂਸ ਵੱਲੋਂ ਯੂਕਰੇਨ ਦੇ ਸ਼ਹਿਰ Dnipro ਵਿੱਚ ਦਾਗ਼ੀ ਗਈ Oreshnik ਬਲਾਸਟਿਕ ਮਿਜ਼ਾਈਲ ਨੇ ਨਾਟੋ ਦੇਸ਼ਾਂ ਸਮੇਤ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹ ਮਿਜ਼ਾਈਲ ਸਿਰਫ਼ 15 ਮਿੰਟਾਂ ਵਿਚ ਯੂਰਪ ਦਾ ਕੋਈ ਵੀ ਹਿੱਸਾ ਫੁੰਡ ਸਕਦੀ ਹੈ ਅਤੇ ਇਸ ਨੂੰ ਕਿਸੇ ਵੀ ਦੇਸ਼ ਦਾ ਕੋਈ ਵੀ ਐਂਟੀ ਏਅਰ ਡਿਫੈਂਸ ਸਿਸਟਮ ਨਹੀਂ ਰੋਕ ਸਕਦਾ। ਇਹ ਪਰਮਾਣੂ ਹਥਿਆਰ ਲੈ ਕੇ 5000 ਕਿਲੋਮੀਟਰ ਤੀਕ ਕਿਤੇ ਵੀ ਤਬਾਹੀ ਮਚਾ ਸਕਦੀ ਹੈ। ਇਹ ਹਾਈਪਰਸੋਨਿਕ ਮਿਜ਼ਾਈਲ ਆਵਾਜ਼ ਦੀ ਗਤੀ ਤੋਂ ਵੀ 10 ਗੁਣਾ ਤੇਜ਼ ਟਰੈਵਲ ਕਰਦੀ ਹੈ। ਸਿਰਫ ਤਜਰਬੇ ਵਜੋਂ ਚਲਾਈ ਗਈ, ਇਸ ਇੱਕੋ ਮਿਜ਼ਾਈਲ ਨੇ ਯੂਕਰੇਨ-ਰੂਸ ਯੁੱਧ ਦੇ ਹਾਲਾਤ ਬਦਲ ਦਿੱਤੇ ਹਨ। ਜਿੱਥੇ ਟਰੰਪ ਦੇ ਸੱਤਾ ਵਿੱਚ ਆਉਣ ਦੇ ਨਾਲ ਜੰਗ ਬੰਦ ਹੋਣ ਆਸਾਰ ਵਧੇ ਹਨ, ਉੱਥੇ ਰੂਸ ਦੀ ਇਸ ਮਿਜ਼ਾਈਲ ਦੀ ਦਹਿਸ਼ਤ ਕਾਰਨ ਪਹਿਲੀ ਵਾਰ ਜ਼ੈਲੰਸਕੀ ਰੂਸ ਦੁਆਰਾ ਜਿੱਤੇ ਗਏ ਇਲਾਕੇ ਛੱਡਣ ਲਈ ਤਿਆਰ ਹੋਇਆ ਹੈ। ਓਧਰ ਪੱਛਮੀ ਵਿਗਿਆਨੀ ਮਿਜ਼ਾਈਲ ਨਾਲ ਨੁਕਸਾਨ ਗਈ ਜਗਾ ਦੇ ਮਲਬੇ ਵਿਚੋਂ ਇਸ ਮਿਜ਼ਾਈਲ ਦੀ ਰਹਿੰਦ ਖੂੰਹਦ ਲੱਭ ਰਹੇ ਹਨ ਤਾਂ ਕਿ ਇਸਦੀ ਨਕਲ ਕੀਤੀ ਜਾ ਸਕੇ। ਹੋ ਸਕਦਾ ਦੇਰ-ਸਵੇਰ ਕੋਈ ਦੇਸ਼ ਇਸ ਨੂੰ ਅਸਮਾਨ ਵਿੱਚ ਹੀ ਰੋਕਣ ਵਾਲਾ ਸਿਸਟਮ ਬਣਾ ਲਵੇ, ਪਰ ਅਜੇ ਰੂਸ ਦੀ ਇਸ ਮਿਜ਼ਾਈਲ ਦਾ ਕੋਈ ਜਵਾਬ ਨਹੀਂ ਹੈ। ਅਜਿਹੀ ਦਹਿਸ਼ਤ ਅਤੇ ਜਗਿਆਸਾ ਹੀ ਠੰਡੀ ਜੰਗ ਦੌਰਾਨ, ਪੱਛਮੀ ਦੇਸ਼ਾਂ ਵਿਚ ਇਕ ਜੰਗੀ ਜਹਾਜ਼ ਨੂੰ ਲੈ ਕੇ ਪੈਦਾ ਹੋਈ ਸੀ।
ਮੌਜੂਦਾ ਰੂਸ ਦੀ ਸੈਨਿਕ ਸ਼ਕਤੀ ਤਕਨੀਕੀ ਤੌਰ ਤੇ ਸੋਵੀਅਤ ਦੌਰ ਤੋਂ ਹੀ ਬਿਹਤਰ ਅਤੇ ਹੈਰਾਨ ਕਰਨ ਵਾਲੀ ਰਹੀ ਹੈ। ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਅਮਰੀਕਾ ਦੇ ਪੂੰਜੀਵਾਦੀ ਜੋਟੀਦਾਰਾਂ ਅਤੇ ਸੋਵੀਅਤ ਦੇ ਸਮਾਜਵਾਦੀ ਹਮਾਇਤੀਆਂ ਵਿਚ ਲੰਬਾ ਸਮਾਂ ਚੱਲੀ ਠੰਡੀ ਜੰਗ ਨਾਲ ਬੜੇ ਦਿਲਚਸਪ ਵਾਕਿਆਤ ਜੁੜੇ ਹਨ। ਸੋਵੀਅਤ ਯੂਨੀਅਨ ਨੇ ਹਵਾਈ ਸ਼ਕਤੀ ਵਿਚ ਤਜਰਬੇ ਕਰਦਿਆਂ ਹਵਾਬਾਜ਼ੀ ਵਿਚ ਇਕ ਵਾਰ ਪੂਰੀ ਸਰਦਾਰੀ ਕਾਇਮ ਕਰ ਲਈ ਸੀ। ਰੂਸ ਵੱਲੋਂ ਦੁਨੀਆ ਦਾ ਪਹਿਲਾ ਉਪਗ੍ਰਹਿ ਸਪੂਤਨਿਕ ਸੰਨ੍ਹ 1957 ਵਿਚ ਸਫਲਤਾਪੂਰਵਕ ਪੁਲਾੜ ਵਿਚ ਭੇਜਿਆ ਗਿਆ ਸੀ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚ ਕੁਝ ਨਵਾਂ ਅਤੇ ਪਹਿਲਾਂ ਕਰਨ ਦੀ ਇਕ ਹੋੜ ਹੀ ਸ਼ੁਰੂ ਹੋ ਗਈ ਸੀ। ਅਮਰੀਕਾ ਵੱਲੋਂ 1969 ਵਿਚ ਚੰਨ ਤੇ ਮਨੁੱਖੀ ਕਦਮ ਰੱਖਣ ਦੀ ਝੂਠੀ ਕਹਾਣੀ ਨੇ ਇਕ ਵਾਰ ਮਾਨਸਿਕ ਤੌਰ ਸੋਵੀਅਤ ਵਿਰੋਧੀਆਂ ਲਈ ਸਕੂਨ ਦਾ ਮਾਹੌਲ ਬਣਾ ਦਿੱਤਾ ਸੀ। ਪਰ ਸੋਵੀਅਤ ਯੂਨੀਅਨ ਦੇ ਮਿਗ 25 ਜਹਾਜ਼ ਦੀਆਂ ਸਨਸਨੀ ਭਰੀਆਂ ਉਡਾਰੀਆਂ ਨੇ ਅਮਰੀਕਾ ਸਮੇਤ ਪੱਛਮੀ ਧਿਰਾਂ ਦੀ ਨੀਂਦ ਉਡਾਈ ਹੋਈ ਸੀ। ਆਪਣੀ ਅਤਿ ਉੱਤਮ ਵਿਗਿਆਨਕ ਪਹੁੰਚ ਦੇ ਹੁੰਦਿਆਂ ਵੀ ਉਸ ਦੌਰ ਵਿਚ ਅਮਰੀਕਾ ਸੋਵੀਅਤ ਯੂਨੀਅਨ ਦੇ ਮਿਗ ਜਹਾਜ਼ਾਂ ਦੀ ਅਜ਼ਮਤ ਸਾਹਮਣੇ ਹਾਰਿਆ ਹੋਇਆ ਮਹਿਸੂਸ ਕਰਦਾ ਸੀ।
ਮਿਗ 25 ਜਹਾਜ਼ ਦੇ ਨਿਰਮਾਣ ਦੀ ਕਹਾਣੀ ਵੀ ਆਪਣੇ ਆਪ ਵਿਚ ਇਕ ਅਲੋਕਾਰੀ ਖੋਜ ਸੀ, ਕਿਉਂਕਿ ਉਸ ਵੇਲੇ ਅੱਜ ਵਾਂਗ ਵਿਗਿਆਨ ਐਨਾ ਵਿਕਸਿਤ ਨਹੀਂ ਸੀ। ਇਸ ਸੁਪਰ-ਸੋਨਿਕ ਜਹਾਜ਼ ਦਾ ਨਾਮ ਨਾਟੋ ਨੇ Foxbat ਰੱਖਿਆ ਸੀ ਅਤੇ ਇਹ Mikhail Gurevich ਵੱਲੋਂ 1964 ਵਿੱਚ ਬਣਾਇਆ ਗਿਆ ਸੀ। ਅਸਲ ਵਿੱਚ Lockheed U-2 ਅਮਰੀਕਾ ਦਾ ਜਸੂਸੀ ਜਹਾਜ਼ ਸੀ, ਜੋ ਕਾਫੀ ਉਚਾਈ ਤੇ ਉੱਡਿਆ ਕਰਦਾ ਸੀ। ਇਹ ਲੜੀ ਦਾ ਇੱਕ ਜਹਾਜ਼ 1960 ਵਿੱਚ ਰੂਸ ਨੇ ਆਪਣੇ ਖੇਤਰ ਡੇਗ ਵੀ ਲਿਆ ਸੀ। ਇਸ ਦੇ ਮੁਕਾਬਲੇ ਵਿਚ ਰੂਸ ਨੇ ਮਿਗ 25 ਦਾ ਪ੍ਰੋਜੈਕਟ ਸ਼ੁਰੂ ਕੀਤਾ ਸੀ। ਦੂਜੀ ਵਿਸ਼ਵ ਜੰਗ ਤੋਂ ਬਾਅਦ ਅਮਰੀਕਨ ਜਹਾਜ਼ਾਂ ਦੇ ਮੁਕਾਬਲੇ ਸੋਵੀਅਤ ਜਹਾਜ਼ ਐਨੇ ਕਾਰਗਰ ਨਹੀਂ ਸਨ। ਹਵਾਈ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਏਅਰ ਕਰਾਫ਼ਟ ਵਿਗਿਆਨੀ ਮੀਖਾਈਲ ਗੁਰੇਵਿਚ ਨੂੰ ਜ਼ਿੰਮੇਵਾਰੀ ਸੌਂਪੀ ਗਈ। ਉਸ ਵੇਲੇ ਰੂਸ ਕੋਲ ਟਾਈਟੇਨੀਅਮ ਦੀ ਕਮੀ ਸੀ, ਇਸ ਕਰਕੇ ਇਹ ਜਹਾਜ਼ ਸਟੀਲ ਨਾਲ ਬਣਾਇਆ ਗਿਆ ਸੀ। ਇਹ ਜਹਾਜ਼ ਉਸ ਵੇਲੇ ਦੀ ਵਧੀਆ ਰਾਡਾਰ ਪ੍ਰਣਾਲੀ ਨਾਲ ਲੈਸ ਸੀ ਅਤੇ ਪ੍ਰਮਾਣੂ ਬੰਬ ਲੈਕੇ ਜਾਣ ਦੇ ਵੀ ਸਮਰੱਥ ਸੀ। ਇਹ ਜਹਾਜ਼ ਖੜਵੇਂ ਰੂਪ ਵਿੱਚ ਇੱਕ ਲੱਖ ਫੁੱਟ ਦੀ ਉਚਾਈ ਸਿਰਫ਼ 4 ਮਿੰਟ ਵਿੱਚ ਪਾਰ ਕਰ ਜਾਂਦਾ ਸੀ। ਇਸ ਦਾ 38 ਕਿਲੋਮੀਟਰ ਦੀ ਉਚਾਈ ਤੇ ਉੱਡਣ ਦਾ ਰਿਕਾਰਡ ਅਜੇ ਤੀਕ ਵੀ ਕਾਇਮ ਹੈ। ਇਸ ਜਹਾਜ਼ ਦੇ ਬਣਨ ਨਾਲ ਪੱਛਮੀ ਜਹਾਜ਼ ਰੂਸ ਦੇ ਹਵਾਈ ਖੇਤਰ ਵਿਚ ਵੜਣ ਤੋਂ ਵੀ ਡਰਨ ਲੱਗ ਪਏ। ਇਸਦੀਆਂ ਖਿੱਚੀਆਂ ਤਸਵੀਰਾਂ ਅਤੇ ਇਸਦੀ ਤੇਜ਼ ਰਫ਼ਤਾਰ ਕਾਰਨ ਅਮਰੀਕੀ ਵਿਗਿਆਨੀ ਹੈਰਾਨ ਹੋਏ ਪਏ ਸਨ। ਅਮਰੀਕਾ ਨੇ ਬੜੀ ਕੋਸ਼ਿਸ਼ ਕੀਤੀ ਪਰ ਉਹ ਮਿਗ 25 ਦੇ ਮੁਕਾਬਲੇ ਦਾ ਜਹਾਜ਼ ਨਾ ਬਣਾ ਸਕੇ। ਉਸ ਦੌਰ ਵਿਚ ਸੰਚਾਰ ਸਾਧਨ ਐਨੇ ਵਿਕਸਿਤ ਨਹੀਂ ਸਨ, ਨਾ ਹੀ ਜਾਣਕਾਰੀ ਦੇ ਅਦਾਨ-ਪ੍ਰਦਾਨ ਲਈ ਇੰਟਰਨੈਟ ਮੌਜੂਦ ਸੀ। ਇਸ ਕਰਕੇ ਮਾਨਵੀ ਜਸੂਸਾਂ ਤੇ ਬਹੁਤੀ ਨਿਰਭਰਤਾ ਸੀ। ਇਕ ਦੂਜੇ ਦੀਆਂ ਖੋਜਾਂ ਬਾਰੇ ਅਫਵਾਹਾਂ ਅਤੇ ਕਿਆਸ-ਅਰਾਈਆਂ ਬਹੁਤ ਜ਼ਿਆਦਾ ਸਨ। ਸੰਨ੍ਹ 1976 ਤੀਕ ਪੱਛਮੀ ਦੇਸ਼ ਮਿਗ 25 ਦੀਆਂ ਉਡਾਰੀਆਂ ਨੇ ਪੂਰੀ ਤਰ੍ਹਾਂ ਡਰਾਏ ਹੋਏ ਸਨ।
ਉਨ੍ਹਾਂ ਦਿਨਾਂ ਵਿਚ ਮਿਗ 25 ਦੀ ਸਰਦਾਰੀ ਕਾਰਨ ਸੋਵੀਅਤ ਸੈਨਾ ਦਾ ਮਨੋਬਲ ਬਹੁਤ ਉੱਚਾ ਸੀ। ਪਰ ਇਕ ਗੱਦਾਰ ਪਾਇਲਟ ਦੇ ਧੋਖੇ ਨੇ ਮਿਗ 25 ਦਾ ਰਾਜ ਦੁਸ਼ਮਨ ਦੇਸ਼ਾਂ ਵਿਚ ਉਜਾਗਰ ਕਰ ਦਿੱਤਾ। ਇਕ ਰਸ਼ੀਅਨ ਪਾਇਲਟ Viktor Ivanovich Belenko ਨੇ 6 ਸਤੰਬਰ 1976 ਨੂੰ ਦੇਸ਼ ਦੀ ਸੁਰੱਖਿਆ ਦਾ ਕਵਚ ਬਣਿਆ ਹੋਇਆ ਇੱਕ ਮਿਗ-25 ਜਪਾਨ ਦੇ ਸ਼ਹਿਰ Hokkaido ਵਿੱਚ ਉਤਾਰ ਦਿੱਤਾ। ਪਤਾ ਨਹੀਂ ਕਿਨ੍ਹਾਂ ਹਾਲਤਾਂ ਵਿਚ ਵਿਚਰਦਿਆਂ ਉਸ ਨੇ ਇਹ ਦੇਸ਼ ਨਾਲ ਧੋਖਾ ਕਰਨ ਵਾਲਾ ਫੈਸਲਾ ਲਿਆ ਹੋਵੇਗਾ ? ਜਹਾਜ਼ ਦੇ ਉਤਰਦੇ ਸਾਰ ਹੀ ਅਮਰੀਕਾ ਦੀ ਪਿਛਲੱਗ ਜਪਾਨੀ ਸਰਕਾਰ ਨੇ ਅਮਰੀਕੀ ਫੌਜੀ ਮਾਹਿਰਾਂ ਨੂੰ ਬੁਲਾ ਲਿਆ ਅਤੇ ਇੰਜ ਪਹਿਲੀ ਵਾਰ ਅਮਰੀਕਨਾਂ ਨੂੰ ਮਿਗ ਜਹਾਜ ਨੂੰ ਨੇੜਿਓਂ ਵੇਖਣ ਦਾ ਮੌਕਾ ਮਿਲਿਆ। ਤਕਰੀਬਨ ਦੋ ਮਹੀਨੇ ਤਕ ਜਪਾਨੀ ਅਤੇ ਅਮਰੀਕੀ ਵਿਗਿਆਨੀ ਇਸ ਜਹਾਜ਼ ਦਾ ਨਿਰੀਖਣ ਕਰਦੇ ਰਹੇ। ਪੱਛਮੀ ਵਿਗਿਆਨੀ ਜੋ ਇਸ ਜਹਾਜ਼ ਤੋਂ ਬਹੁਤ ਪ੍ਰਭਾਵਿਤ ਸਨ, ਉਨ੍ਹਾਂ ਨੂੰ ਬਹੁਤ ਹੈਰਾਨੀ ਹੋਈ ਕਿ ਇਸ ਜਹਾਜ਼ ਵਿੱਚ ਸਾਧਾਰਨ ਕਾਰ ਦੇ ਇੰਜਨ ਜਿੱਡਾ ਕੁ ਇੰਜਨ ਫਿੱਟ ਸੀ। ਉਸ ਵੇਲੇ ਰੂਸ ਵਿੱਚ ਵੈਲਡਿੰਗ ਕਰਨ ਦੀ ਤਕਨੀਕ ਵੀ ਪੁਰਾਣੀ ਹੋਣ ਕਰਕੇ ਹੱਥ ਨਾਲ ਹੀ ਵੈਲਡਿੰਗ ਦਾ ਕੰਮ ਕੀਤਾ ਗਿਆ ਸੀ। ਜਹਾਜ਼ ਦੀਆਂ ਰਿਬਟਾਂ ਵੀ ਹਸਤ ਸੰਦਾਂ ਨਾਲ ਹੀ ਠੋਕੀਆਂ ਗਈਆਂ ਸਨ। ਉਹਨਾਂ ਦੇ ਅੰਦਾਜ਼ੇ ਦੇ ਬਿਲਕੁਲ ਉਲਟ ਇਹ ਇੱਕ Intercepter ਜਹਾਜ਼ ਸੀ, ਜਦਕਿ ਲੰਬੇ ਸਮੇਂ ਤੋਂ ਅਮਰੀਕਾ ਸਮੇਤ ਸਾਰੇ ਪੱਛਮੀ ਦੇਸ਼ ਇਸ ਨੂੰ ਇਕ Bomber ਹੀ ਸਮਝਦੇ ਆ ਰਹੇ ਸਨ। ਪੱਛਮੀ ਹੱਥਾਂ ਵਿਚ ਇੰਜ ਅਚਾਨਕ ਮਿਗ 25 ਜਹਾਜ਼ ਦਾ ਆ ਜਾਣਾ ਇਕ ਚਮਤਕਾਰ ਹੀ ਸੀ। ਆਖ਼ਰ ਇਸ ਜਹਾਜ਼ ਨੂੰ ਟੋਟਿਆਂ ਵਿਚ ਲੱਦ ਕੇ ਰੂਸ ਨੂੰ ਮੋੜਿਆ ਗਿਆ ਅਤੇ ਇਸਦੇ 20 ਦੇ ਕਰੀਬ ਮਹੱਤਵਪੂਰਨ ਪੁਰਜ਼ੇ ਕੱਢ ਕੇ ਰੱਖ ਲੈ ਗਏ।
ਗ਼ੱਦਾਰ Viktor Belenko ਨੂੰ ਇਸ ਕਾਰਜ ਲਈ ਅਮਰੀਕਾ ਦੀ ਸਿਟੀਜ਼ਨ ਦਿੱਤੀ ਗਈ ਅਤੇ ਉਮਰ ਭਰ ਉਸਦੀ ਸੁਰੱਖਿਆ ਅਤੇ ਸੁੱਖ ਸਹੂਲਤਾਂ ਵਾਲੀ ਜ਼ਿੰਦਗੀ ਲਈ ਇੱਕ ਪ੍ਰਾਈਵੇਟ ਫੰਡ ਕਾਇਮ ਕੀਤਾ ਗਿਆ। ਉਸ ਨੂੰ ਆਮ ਲੋਕਾਂ ਦੀ ਨਜ਼ਰ ਵਿੱਚ ਆਉਣ ਤੋਂ ਬਚਾਉਣ ਲਈ ਉਸਦਾ ਰੂਸੀ ਸਰਨੇਮ ਨਾਮ ਨਾਲੋਂ ਲਾਹ ਕੇ Schmidt ਸਰਨੇਮ ਉਸ ਦੇ ਨਾਮ ਨਾਲ ਜੋੜਿਆ ਗਿਆ। ਉਸਨੇ ਉੱਥੇ ਰਹਿੰਦਿਆਂ ਇੱਕ ਸੰਗੀਤ ਅਧਿਆਪਕਾ ਨਾਲ ਵਿਆਹ ਕਰਵਾਇਆ ਅਤੇ ਉਸ ਦੀ ਕੁੱਖੋਂ ਦੋ ਲੜਕਿਆਂ ਨੇ ਜਨਮ ਲਿਆ। ਬਾਅਦ ਵਿਚ ਉਸਦੀ ਇਸ ਪਤਨੀ ਨੇ ਵੀ ਉਸ ਨੂੰ ਤਲਾਕ ਦੇ ਦਿੱਤਾ ਸੀ। ਰੂਸ ਵਾਲੀ ਪਤਨੀ ਹੋਣ ਬਾਰੇ ਪਹਿਲਾਂ ਪਹਿਲ ਉਹ ਮੰਨਣ ਤੋਂ ਇਨਕਾਰੀ ਰਿਹਾ, ਪਰ ਬਾਅਦ ਵਿਚ ਉਸਨੇ ਇਕਬਾਲ ਕਰ ਲਿਆ ਸੀ। ਅਮਰੀਕਾ ਰਹਿੰਦਿਆਂ ਉਹ ਤਕਰੀਬਨ ਸਾਰੀ ਉਮਰ ਗੁਪਤਵਾਸ ਵਿੱਚ ਹੀ ਰਿਹਾ ਅਤੇ ਕਦੀ ਵੀ ਜਨਤਕ ਰੂਪ ਵਿੱਚ ਸਾਹਮਣੇ ਨਹੀਂ ਆਇਆ। ਉਸਦੀ ਸਹਿ-ਸੰਪਾਦਕ ਵਜੋਂ MiG Pilot: The Final Escape of Lieutenant Belenko ਇਕ ਸਵੈ ਜੀਵਨੀ ਮਿਲਦੀ ਹੈ। ਜਿਸ ਵਿਚ ਉਸ ਦੇ ਨਾਮ ਹੇਠ ਅਮਰੀਕਨ ਸਰਕਾਰ ਵੱਲੋਂ ਸਮਾਜਵਾਦੀ ਵਿਵਸਥਾ ਅਤੇ ਕਮਿਊਨਿਸਟ ਸ਼ਾਸਨ ਖ਼ਿਲਾਫ਼ ਗੱਲ੍ਹਾਂ ਲਿਖਵਾਈਆਂ ਮਿਲਦੀਆਂ ਹਨ। ਆਪਣਾ ਸਮੁੱਚਾ ਜੀਵਨ ਮੌਤ ਤੋਂ ਡਰਦਿਆਂ ਅਤੇ ਗ਼ੱਦਾਰੀ ਦੇ ਦਾਗ਼ ਦੀ ਨਮੋਸ਼ੀ ਜ਼ਰਦਿਆਂ ਉਹ Illinois ਸਟੇਟ ਦੇ ਨਿੱਕੇ ਜਿਹੇ ਕਸਬੇ Rosebud ਵਿਖੇ 24 ਸਤੰਬਰ 2023 ਵਿੱਚ 76 ਸਾਲ ਦੀ ਉਮਰ ਵਿੱਚ ਪੂਰਾ ਹੋ ਗਿਆ। ਉਸਦੀ ਮੌਤ ਤੇ ਕਿਸੇ ਵੀ ਦੇਸ ਦਾ ਝੰਡਾ ਨੀਵਾਂ ਨਾ ਕੀਤਾ ਗਿਆ ਤੇ ਨਾ ਹੀ ਉਸਦੀ ਮੌਤ ਉਸ ਤੇ ਸਲਾਮੀ ਵਜੋਂ ਕੋਈ ਫਾਇਰ ਕੀਤੇ ਗਏ। ਸਾਰੀ ਉਮਰ ਕਿਸੇ ਸੈਨਿਕ ਸਨਮਾਨ ਅਤੇ ਆਤਮ ਸਨਮਾਨ ਬਿਨਾ ਹੀ ਉਸ ਗ਼ੱਦਾਰ ਦੀ ਮੌਤ ਵੀ ਗੁੰਮਨਾਮ ਹਾਲਤਾਂ ਵਿੱਚ ਹੋਈ। ਇੱਥੋਂ ਤਕ ਕਿ ਪੱਤਰਕਾਰਾਂ ਨੂੰ ਵੀ ਉਸਦੇ ਪੁੱਤਰ ਵੱਲੋਂ ਮਿਲੀ ਸੂਚਨਾ ਕਾਰਨ ਨਵੰਬਰ ਦੇ ਅਖੀਰ ਵਿੱਚ ਉਸਦੀ ਮੌਤ ਬਾਰੇ ਪਤਾ ਚੱਲਿਆ। ਉਸ ਦੀ ਮੌਤ ਬਾਰੇ ਅਮਰੀਕਨ ਸਰਕਾਰ ਵੱਲੋਂ ਵੀ ਕੋਈ ਵਿਸ਼ੇਸ਼ ਦਸਤਾਵੇਜ਼ ਵਗੈਰਾ ਜਾਰੀ ਨਾ ਕੀਤਾ ਗਿਆ। ਇੰਜ ਆਪਣੇ ਦੇਸ਼ ਨਾਲ ਦਗ਼ਾ ਕਮਾਉਣ ਵਾਲੇ ਇੱਕ ਦੇਸ਼-ਧਰੋਹੀ ਦਾ ਗੁੰਮਨਾਮੀ ਵਿੱਚ ਹੀ ਅੰਤ ਹੋ ਗਿਆ।
ਸੈਨਿਕ ਭਾਸ਼ਾ ਵਿੱਚ ਇੰਜ ਜਹਾਜ਼ ਲੈ ਕੇ ਦੇਸ਼ ਛੱਡਣ ਨੂੰ Defection ਆਖਦੇ ਹਨ। ਅਜਿਹੀਆਂ ਘਟਨਾਵਾਂ ਹੁਣ ਤੀਕ ਬਹੁਤ ਵਾਰੀਂ ਵਾਪਰ ਚੁੱਕੀਆਂ ਹਨ, ਪਰ ਮਿਗ-25 ਵਾਲੀ ਘਟਨਾ ਬਹੁਤ ਹੀ ਚਰਚਾ ਦਾ ਵਿਸ਼ਾ ਬਣੀ ਸੀ। ਇਸ ਆਈਕੋਨਿਕ ਜਹਾਜ਼ ਦਾ ਰਾਜ਼ ਖੁੱਲਣ ਦੀ ਕਹਾਣੀ ਬਹੁਤ ਹੀ ਦਿਲਚਸਪ ਹੈ। ਆਪਣੀਆਂ ਤਮਾਮ ਕਮੀਆਂ ਅਤੇ ਸੀਮਾਵਾਂ ਦੇ ਬਾਵਜੂਦ ਵੀ ਇਹ ਜਹਾਜ਼ ਆਪਣੇ ਸਮਿਆਂ ਦਾ ਬਾਦਸ਼ਾਹ ਸੀ। ਇਸ ਦਾ ਪੱਛਮੀ ਦੇਸ਼ਾਂ ਦੀਆਂ ਹਵਾਈ ਸੈਨਾਵਾਂ ਤੇ ਬਹੁਤ ਮਨੋਵਿਗਿਆਨਕ ਦਬਦਬਾ ਸੀ। ਇਸ ਦੀ ਬਣਤਰ ਦੇਸੀ ਹੋਣ ਦੇ ਬਾਵਜੂਦ ਵੀ ਇਹ ਅੱਗੇ ਜਾ ਕੇ ਅਮਰੀਕਾ ਦੇ F-15 ਫ਼ਾਈਟਰ ਜਹਾਜ਼ ਸਮੇਤ ਕਈ ਜੰਗੀ ਜਹਾਜ਼ਾਂ ਦੇ ਨਿਰਮਾਣ ਵਾਸਤੇ ਬੁਨਿਆਦ ਬਣਿਆ।
—ਸਰਬਜੀਤ ਸੋਹੀ, ਆਸਟ੍ਰੇਲੀਆ